ਈਡੀ ਦੇ ਡਰ ਅਤੇ ਪਾਰਟੀ ਤੋਂ ਨਾਰਾਜ਼ ਹੋ ਕੇ ਭਾਜਪਾ ’ਚ ਗਏ ਸੱਤ ਰਾਜ ਸਭਾ ਮੈਂਬਰ : ਢੀਂਡਸਾ
ਈਡੀ ਦੇ ਡਰ ਅਤੇ ਪਾਰਟੀ ਤੋਂ ਨਾਰਾਜ਼ ਹੋ ਕੇ ਭਾਜਪਾ ’ਚ ਗਏ ਸੱਤ ਰਾਜ ਸਭਾ ਮੈਂਬਰ : ਢੀਂਡਸਾ
Publish Date: Sat, 25 Apr 2026 05:51 PM (IST)
Updated Date: Sun, 26 Apr 2026 04:10 AM (IST)

ਕਿਹਾ : ਆਪ ਵਾਲਿਆਂ ਨੇ ਜਿਹੋ ਜਿਹਾ ਬੀਜਿਆ ਹੈ, ਉਹੀ ਵੱਢਣਗੇ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਾਬਕਾ ਖਜ਼ਾਨਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਕੋਰ ਕਮੇਟੀ ਮੈਂਬਰ ਪ੍ਰਮਿੰਦਰ ਸਿੰਘ ਢੀਂਡਸਾ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰਾਂ ਵੱਲੋਂ ਭਾਜਪਾ ’ਚ ਚਲੇ ਜਾਣ ’ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੋ ਜਿਹਾ ਬੀਜਿਆ, ਉਹੀ ਵੱਢਿਆ ਹੈ ਤੇ ਵੱਢਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਕੇਜਰੀਵਾਲ ਮੂਹਰੇ ਗੋਡੇ ਟੇਕ ਦਿੱਤੇ ਸਨ। ਰਾਜ ਸਭਾ ’ਚ ਉਹ ਬੰਦੇ ਭੇਜੇ, ਜਿਨ੍ਹਾਂ ਦਾ ਪੰਜਾਬ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ। ਜਦੋਂ ਤੁਸੀਂ ਵਪਾਰੀ ਤੇ ਲਾਲਚੀ ਕਿਸਮ ਦੇ ਲੋਕਾਂ ਨੂੰ ਟਿਕਟਾਂ ਦਿਓਗੇ, ਤਾਂ ਉਹ ਆਪਣਾ ਮੁੱਲ ਵੱਟਣਗੇ ਹੀ। ਢੀਂਡਸਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਰਾਘਵ ਚੱਢਾ ਦੇ ਸੰਪਰਕ ਵਿੱਚ ਹੋਰ ਵਿਧਾਇਕ ਵੀ ਹੋਣ, ਜੋ ਆਪ ਛੱਡਕੇ ਭਾਜਪਾ ਚ ਜਾਣ ਲਈ ਤਿਆਰ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਸੱਤ ਰਾਜ ਸਭਾ ਮੈਂਬਰ ਭਾਜਪਾ ਵਿੱਚ ਸ਼ਾਮਲ ਹੋਏ ਹਨ ਉਹਨਾਂ ਵਿੱਚੋਂ ਕੁਝ ਈਡੀ ਦੇ ਡਰ ਅਤੇ ਕੁਝ ਪਾਰਟੀ ਤੋਂ ਨਾਰਾਜ਼ ਹੋ ਕੇ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਹੁਣ ਰਾਸ਼ਟਰਪਤੀ ਤੋਂ ਪੰਜਾਬ ਦੇ ਰਾਜ ਸਭਾ ਮੈਂਬਰਾਂ ਨੂੰ ਰੀਕਾਲ ਕਰਨ ਲਈ ਜੋ ਸਮਾਂ ਮੰਗਿਆ ਹੈ, ਉਹ ਇੱਕ ਡਰਾਮਾ ਹੈ। ਜਿਹੜੇ ਰਾਜ ਸਭਾ ਮੈਂਬਰ ਭਾਜਪਾ ਵਿੱਚ ਗਏ ਹਨ ਉਹ ਕਾਨੂੰਨ ਮੁਤਾਬਕ ਹੀ ਗਏ ਹਨ। ਦੋ ਤਿਹਾਈ ਮੈਂਬਰ ਛੱਡ ਕੇ ਗਏ ਹਨ ਜੋ ਆਪਣਾ ਨਵਾਂ ਦਲ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਪਿਰਤ ਮਾੜੀ ਹੈ ਪਰ ਗਲਤੀ ਆਪ ਦੀ ਵੀ ਹੈ। ਢੀਂਡਸਾ ਨੇ ਕਿਹਾ ਕਿ ਇਹਨਾਂ ਲੱਛਣਾਂ ਕਾਰਨ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਹੈ। 2027 ਵਿੱਚ ਪੰਜਾਬ ਦੇ ਲੋਕ ਜਰੂਰ ਬਦਲਾ ਲੈਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਵਾਰਸ ਪੰਜਾਬ ਨਾਲ ਜੋ ਸਮਝੌਤਾ ਹੋਣਾ ਹੈ ਉਹ ਲਗਭਗ ਤੈਅ ਹੋ ਚੁੱਕਾ ਹੈ। ਸਿਰਫ ਪੰਜਾਬ ਦੇ ਏਜੰਡੇ ਦੀ ਗੱਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਵੀ ਸਮਝੌਤਾ ਸਿਰਫ ਇਸ ਗੱਲ ਤੇ ਹੋ ਸਕਦਾ ਹੈ ਕਿ ਉਹ ਅਕਾਲ ਤਖਤ ਉੱਪਰ ਜਾ ਕੇ 2 ਦਸੰਬਰ ਵਾਲਾ ਹੁਕਮਨਾਮਾ ਮੰਨ ਲੈਣ। ਇਸ ਮੌਕੇ ਨਗਰ ਕੌਂਸਲ ਲਹਿਰਾਗਾਗਾ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਮਹੇਸ਼ ਸ਼ਰਮਾ ਨੀਟੂ, ਕੌਂਸਲਰ ਕਿਰਪਾਲ ਸਿੰਘ ਨਾਥਾ, ਜਸਵੰਤ ਸਿੰਘ ਹੈਪੀ, ਸੁਰੇਸ਼ ਕੁਮਾਰ ਪਾਲਾ, ਸਤਪਾਲ ਪਾਲੀ, ਰਿੰਕੂ ਖਰੌੜ, ਜਸਵੰਤ ਸਿੰਘ ਹੈਪੀ ਮੌਜੂਦ ਸਨ।