ਇਕੋ ਪਿੰਡ ਦੇ ਸੱਤ ਵਿਅਕਤੀ ਮਾਰੇ ਜਾਣ ਕਾਰਨ ਪਿੰਡ ਮੈਣ ਮਾਜਰੀ ’ਚ ਸੋਗ ਦੀ ਲਹਿਰ
ਲੋਕਲ ਐਡੀਸ਼ਨ ਲਈ : ਇਕੋ ਪਿੰਡ ਦੇ ਸੱਤ ਵਿਅਕਤੀ ਮਾਰੇ
Publish Date: Wed, 15 Apr 2026 08:05 PM (IST)
Updated Date: Wed, 15 Apr 2026 08:09 PM (IST)

ਯਤਿੰਦਰ ਸਾਂਵਰਾ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਮੈਣ ਮਾਜਰੀ ਤੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮੌਕੇ ਦਰਸ਼ਨਾਂ ਲਈ ਗਈ ਸ਼ਰਧਾਲੂਆਂ ਦੀ ਇਕ ਬੱਸ ਪਲਟ ਜਾਣ ਨਾਲ ਮਾਰੇ ਗਏ 8 ਵਿਅਕਤੀਆਂ ’ਚ ਸੱਤ ਵਿਅਕਤੀ ਇਕੋ ਪਿੰਡ ਮੈਣ ਮਾਜਰੀ ਦੇ ਹੋਣ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਪਿੰਡ ਮੈਣ ਮਾਜਰੀ ਦੇ ਰਹਿਣ ਵਾਲੇ ਇਹ ਸ਼ਰਧਾਲੂ ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਮੰਗਲਵਾਰ ਰਾਤ ਕਰੀਬ 10 ਵਜੇ ਆਪਣੀ ਬੱਸ ਰਾਹੀਂ ਵਾਪਸ ਘਰ ਪਰਤ ਰਹੇ ਸਨ। ਜਦੋਂ ਬੱਸ ਆਪਣੇ ਪਿੰਡ ਤੋਂ ਮਹਿਜ਼ ਡੇਢ ਕਿਲੋਮੀਟਰ ਦੀ ਦੂਰੀ ਤੇ ਸੀ, ਤਾਂ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ। ਰਾਤ ਸਮੇਂ 6 ਮੌਤਾਂ ਦੀ ਪੁਸ਼ਟੀ ਹੋਈ ਸੀ, ਪਰ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਬੁੱਧਵਾਰ ਸਵੇਰ ਤੱਕ ਮੌਤਾਂ ਦੀ ਗਿਣਤੀ ਵੱਧ ਕੇ 8 ਹੋ ਗਈ ਹੈ। ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਬੱਸ ਸੀਟ ਰਹਿਤ ਸੀ ਤੇ ਪਿੰਡ ਮੈਣ ਮਾਜਰੀ ਦੇ ਗੁਰਦੁਆਰਾ ਸਾਹਿਬ ਨਾਲ ਸਬੰਧਤ ਸੀ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲਿਜਾਣ ਵਾਸਤੇ ਤਿਆਰ ਕਰਵਾਈ ਗਈ ਸੀ। ਇਸ ਨੂੰ ਗ੍ਰੰਥੀ ਸਿੰਘ ਇਕਬਾਲ ਸਿੰਘ ਖੁਦ ਹੀ ਚਲਾ ਰਹੇ ਸਨ, ਜੋ ਹਾਦਸੇ ਵਿਚ ਮਾਰੇ ਗਏ। ਜਾਣਕਾਰੀ ਅਨੁਸਾਰ ਗ੍ਰੰਥੀ ਸਿੰਘ ਇਕਬਾਲ ਸਿੰਘ ਮਾਫੀ ਮਿਲਣਸਾਰ ਵਿਅਕਤੀ ਸਨ ਅਤੇ ਇਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਲਈ ਪ੍ਰੇਰਿਆ। ਪਿੰਡ ਦੇ ਲੋਕ ਵਿਸਾਖੀ ਅਤੇ ਹੋਲਾ ਮਹੱਲਾ ਮੌਕੇ ਅਨੰਦਪੁਰ ਸਾਹਿਬ ਅਕਸਰ ਜਾਂਦੇ ਸਨ। ਹਾਦਸੇ ’ਚ ਮਰਨ ਵਾਲਿਆਂ ਵਿਚ ਇੱਕੋ ਪਰਿਵਾਰ ਦੇ ਤਿੰਨ ਜੀਅ ਵੀ ਸ਼ਾਮਿਲ ਹਨ। ਮ੍ਰਿਤਕ ਸ਼ਰਧਾਲੂਆਂ ’ਚ ਪਿੰਡ ਮੈਣ ਮਾਜਰੀ ਦੇ ਸੱਤ ਸ਼ਰਧਾਲੂਆਂ ’ਚ ਦੋ ਔਰਤਾਂ ਅਤੇ ਪਿੰਡ ਕੱਜਲ ਮਾਜਰਾ ਦਾ ਇਕ ਸ਼ਰਧਾਲੂ ਸ਼ਾਮਿਲ ਹੈ। ਹਾਦਸੇ ਤੋਂ ਬਾਅਦ ਪਿੰਡ ’ਚ ਗਮ ਦਾ ਮਾਹੌਲ ਹੈ। ਦੁੱਖ ਦੀ ਗੱਲ ਹੈ ਇਹ ਵੀ ਹੈ ਕਿ ਇਸ ਧਾਰਮਿਕ ਯਾਤਰਾ ’ਚ ਪਿੰਡ ਮੈਣ ਮਾਜਰੀ ਦਾ ਇੱਕੋ ਪਰਿਵਾਰ ਦੇ 6 ਜੀਅ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਗਏ ਸਨ। ਜਿਨਾਂ ’ਚੋਂ ਤਿੰਨ ਜੀਅ ਰਣਜੀਤ ਕੌਰ (ਪਤਨੀ ਬਲਜੀਤ ਸਿੰਘ), ਲਖਵੀਰ ਸਿੰਘ ਤੇ ਹਰਵੀਰ ਸਿੰਘ ਪੁੱਤਰਾਨ ਝਰਮਲ ਸਿੰਘ ਦੀ ਮੌਤ ਹੋ ਗਈ ਹੈ। ਇਸ ਪਰਿਵਾਰ ਨਾਲ ਸਬੰਧਤ ਜ਼ਖ਼ਮੀ ਹੋਈਆਂ ਦੋ ਲੜਕੀਆਂ ਜਸਕੀਰਤ ਕੌਰ ਤੇ ਜਸਵੀਰ ਕੌਰ ਜ਼ੇਰੇ ਇਲਾਜ ਹਨ, ਜਦਕਿ ਦਵਿੰਦਰ ਸਿੰਘ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਖਬਰ ਲਿਖੇ ਜਾਣ ਤੱਕ ਮ੍ਰਿਤਕਾਂ ਦੇ ਪੋਸਟਮਾਰਟਮ ਦਾ ਕੰਮ ਚੱਲ ਰਿਹਾ ਸੀ। ਇਸ ਵਾਰ ਮੈਣ ਮਾਜਰੀ ਦੇ ਲੋਕਾਂ ਦੇ ਇਹ ਕਾਲੀ ਵਿਸਾਖੀ ਸੀ। ਪਿੰਡ ਦੇ ਸੱਤ ਵਿਅਕਤੀਆਂ ਦੀ ਮੌਤ ਕਾਰਨ ਲੋਕ ਸਦਮੇ ਵਿਚ ਸਨ। ਲੋਕਾਂ ਦੀ ਸਰਕਾਰ ਪ੍ਰਤੀ ਨਰਾਜ਼ਗੀ ਵੀ ਦਿੱਸ ਰਹੀ ਸੀ ਕਿਉਂਕਿ ਪਿੰਡ ਦੇ ਲੋਕ ਆਸਪਾਸ ਦੀ ਸੜਕਾਂ ਦੀ ਖਸਤਾ ਹਾਲਤ ਤੋ ਵੀ ਦੁਖੀ ਸਨ। ਜਦੋਂ ਬੱਸੀ ਪਠਾਣਾਂ ਦੀ ਐੱਸਡੀਐੱਮ ਪਿੰਡ ਗਈ ਤਾਂ ਲੋਕਾਂ ਦੇ ਆਪਣਾ ਗੁੱਸਾ ਪ੍ਰਗਟ ਕੀਤਾ ਅਤੇ ਉਨ੍ਹਾਂ ਨਾਅਰੇਬਾਜ਼ੀ ਕੀਤੀ।