ਐੱਸਡੀਐੱਮ ਨੇ ਅਧਿਆਪਕਾਂ ਨੂੰ ਮਿਲਣ ਤੋਂ ਕੀਤਾ ਇਨਕਾਰ, ਧਰਨਾ ਲਾਇਆ
ਐਸਡੀਐਮ ਨੇ ਅਧਿਆਪਕਾਂ ਨੂੰ ਮਿਲਣ ਤੋ ਕੀਤਾ ਇਨਕਾਰ, ਧਰਨਾ ਲਾਇਆ
Publish Date: Thu, 30 Apr 2026 07:19 PM (IST)
Updated Date: Fri, 01 May 2026 04:17 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਅਧਿਆਪਕਾਂ ਦੀਆਂ ਲੱਗੀਆਂ ਗੈਰ ਵਿੱਦਿਅਕ ਕੰਮਾਂ ਵਿਚ ਡਿਊਟੀਆਂ ਸਬੰਧੀ ਵਫਦ ਸੂਬਾ ਕਨਵੀਨਰ ਕ੍ਰਿਸ਼ਨ ਸਿੰਘ ਦੁਗਾ, ਦੇਵੀ ਦਿਆਲ, ਸਰਬਜੀਤ ਪੁੰਨਾਵਾਲ ਦੀ ਅਗਵਾਈ ਵਿਚ ਐੱਸਡੀਐੱਮ ਸੰਗਰੂਰ ਨੂੰ ਮਿਲਣ ਪੁੱਜਾ, ਪ੍ਰੰਤੂ ਐੱਸਡੀਐੱਮ ਨੇ ਵਫਦ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ, ਜਿਸਤੋਂ ਖਫਾ ਅਧਿਆਪਕਾਂ ਨੇ ਐੱਸਡੀਐੱਮ ਦੇ ਕਮਰੇ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਅਧਿਆਪਕਾਂ ਨੇ ਮੰਗ ਕੀਤੀ ਕਿ ਸੈਸ਼ਨ ਦੇ ਸ਼ੁਰੂ ਵਿਚ ਹੀ ਵੱਡੀ ਗਿਣਤੀ ’ਚ ਅਧਿਆਪਕਾਂ ਦੀਆਂ ਲੱਗੀਆਂ ਡਿਊਟੀਆਂ ਨੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ। ਅਧਿਆਪਕਾਂ ਦੀਆਂ ਡਿਊਟੀਆਂ ਲਾਉਣ ਸਮੇਂ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਵੱਲੋਂ ਜਾਰੀ ਕੀਤੇ ਪੱਤਰ ਦੀ ਪਾਲਣਾ ਕੀਤੀ ਜਾਵੇ ਜਿਸ ਵਿੱਚ ਸਪਸ਼ਟ ਲਿਖਿਆ ਗਿਆ ਹੈ ਕਿ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਕੰਮਾਂ ਵਿੱਚ ਡਿਊਟੀਆਂ ਨਾ ਲਗਾਈਆਂ ਜਾਣ। ਆਗੂਆਂ ਨੇ ਬੀਐੱਲਓ ਲਗਾਏ ਗਏ ਇਕ ਅਧਿਆਪਕ ਦੀ ਤਨਖਾਹ ਰੋਕਣ ਦੇ ਜਾਰੀ ਕੀਤੇ ਹੁਕਮਾਂ ਤੇ ਇਤਰਾਜ ਜਾਹਿਰ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਅੱਜ ਉਹ ਐੱਸਡੀਐੱਮ ਸੰਗਰੂਰ ਨੂੰ ਮਿਲਣ ਪੁੱਜੇ, ਪ੍ਰੰਤੂ ਐੱਸਡੀਐੱਮ ਨੇ ਉਨ੍ਹਾਂ ਨੂੰ ਮਿਲਣ ਤੋ ਸਾਫ ਇਨਕਾਰ ਕਰ ਦਿੱਤਾ। ਜਿਸਦੇ ਰੋਸ ਵਜੋ ਉਨ੍ਹਾਂ ਨੂੰ ਧਰਨਾ ਲਾਉਣਾ ਪਿਆ। ਅਧਿਆਪਕਾ ਦੇ ਰੋਸ ਦੇ ਮੱਦੇਨਜਰ ਐੱਸਡੀਐੱਮ ਨੇ ਅਧਿਆਪਕਾਂ ਨੂੰ ਮੀਟਿੰਗ ਲਈ ਬੁਲਾ ਲਿਆ। ਇਸ ਦੌਰਾਨ ਸਹਿਮਤੀ ਬਣੀ ਕਿ ਤਨਖਾਹ ਰੋਕਣ ਦੇ ਹੁਕਮ ਵਾਪਸ ਲੈ ਲਏ ਜਾਣਗੇ ਅਤੇ ਬੀਐੱਲਓ ਡਿਊਟੀ ਤੋਂ ਕਰਮਚਾਰੀ ਨੂੰ ਛੋਟ ਦੇ ਦਿੱਤੀ ਜਾਵੇਗੀ। ਜਿਸ ’ਚ ਮੰਗਾਂ ਤੇ ਸਹਿਮਤੀ ਬਣੀ। ਇਸ ਮੌਕੇ ਹਰੀਸ਼ ਕੁਮਾਰ, ਬੱਗਾ ਸਿੰਘ, ਲਖਬੀਰ ਸਿੰਘ ਸੋਹੀ, ਜੁਝਾਰ ਸਿੰਘ, ਵੀਰ ਸਿੰਘ, ਹਰਕੀਰਤ ਸਿੰਘ, ਸੁਖਦੀਪ ਸਿੰਘ, ਦੀਪਕ, ਸੀਟੀਯੂ ਆਗੂ ਸਰਬਜੀਤ ਸਿੰਘ ਵੜੈਚ, ਫੈਡਰੇਸ਼ਨ ਦੇ ਆਗੂ ਮਾਲਵਿੰਦਰ ਸਿੰਘ ਸੰਧੂ, ਬਲਦੇਵ ਸਿੰਘ ਬਡਰੁੱਖਾਂ, ਰਾਮ ਕ੍ਰਿਸ਼ਨ, ਦਰਸ਼ਨ ਸਿੰਘ, ਕਰਨ ਪ੍ਰਤਾਪ, ਜੱਗਾ ਸਿੰਘ, ਸੀਆ ਰਾਮ, ਜਮਹੂਰੀ ਕਿਸਾਨ ਸਭਾ ਦੇ ਆਗੂ ਉਧਮ ਸਿੰਘ, ਨਿਰਮਲ ਸਿੰਘ ਘਰਾਚੋਂ ਤੇ ਕੁਲਦੀਪ ਸਿੰਘ ਸੰਗਰੂਰ ਮੌਜੂਦ ਸਨ।