ਕਮੇਟੀ ਮੈਂਬਰਾਂ ਵੱਲੋਂ ਪਿੰਡ ਧਮੋਲੀ ਟਾਵਰ ਵਾਲੀ ਥਾਂ ਦਾ ਲਿਆ ਜਾਇਜ਼ਾ
ਕਮੇਟੀ ਮੈਂਬਰਾਂ ਵੱਲੋਂ ਪਿੰਡ ਧਮੋਲੀ ਟਾਵਰ ਵਾਲੀ ਥਾਂ ਦਾ ਲਿਆ ਜਾਇਜ਼ਾ, ਰਿਪੋਰਟ ਕੀਤੀ ਇਕੱਤਰ
Publish Date: Thu, 30 Apr 2026 05:34 PM (IST)
Updated Date: Thu, 30 Apr 2026 05:37 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਿੰਡ ਧਮੋਲੀ ਦੇ ਕਿਸਾਨ ਦੇ ਖੇਤਾਂ ’ਚੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਟਾਵਰ ਲਗਾਏ ਜਾਣ ਦੇ ਮਾਮਲੇ ’ਚ ਐੱਸਡੀਐੱਮ ਰਾਜਪੁਰਾ ਵੱਲੋਂ ਬਣਾਈ ਗਈ ਕਮੇਟੀ ਮੈਂਬਰਾਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ। ਜਾਣਕਾਰੀ ਦੇ ਅਨੁਸਾਰ ਐੱਸਡੀਐੱਮ ਰਾਜਪੁਰਾ ਨਮਨ ਮਾਰਕਨ ਦੇ ਦਫਤਰ ਵਿਖੇ ਬੀਤੇ ਦਿਨੀ ਪਿੰਡ ਧਮੋਲੀ ਦੇ ਕਿਸਾਨ ਦੇ ਖੇਤਾਂ ਦੇ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਲਗਾਏ ਜਾ ਰਹੇ ਟਾਵਰ ਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ ਸੀ। ਇਸ ਮੀਟਿੰਗ ਦੇ ਦੌਰਾਨ ਐਸਡੀਐਮ ਰਾਜਪੁਰਾ ਦੇ ਆਦੇਸ਼ਾਂ ਤੇ ਮੌਕੇ ਦਾ ਜਾਇਜ਼ਾ ਲੈਣ ਦੇ ਲਈ ਗਠਿਤ ਕੀਤੀ ਗਈ ਕਮੇਟੀ ਜਿਸ ’ਚ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਪਾਵਰ ਕਾਰਪੋਰੇਸ਼ਨ ਦੇ ਐਕਸੀਅਨ ਧਰਮਵੀਰ ਕਮਲ, ਕਿਸਾਨ ਯੂਨੀਅਨ ਵਲੋਂ ਜ਼ਿਲ੍ਹਾ ਪਟਿਆਲਾ ਪ੍ਰਧਾਨ ਰਣਜੀਤ ਸਿੰਘ ਆਕੜ, ਸਾਬਕਾ ਸੈਨਿਕ ਯੂਨੀਅਨ ਵਲੋਂ ਹਰਚੰਦ ਸਿੰਘ ਚੇਅਰਮੈਨ ਸਮੇਤ ਹੋਰਨਾਂ ਵੱਲੋਂ ਪਿੰਡ ਧਮੋਲੀ ਵਿਖੇ ਟਾਵਰ ਲਗਾਏ ਜਾਣ ਵਾਲੀ ਜਮੀਨ ਦਾ ਦੌਰਾ ਕੀਤਾ ਗਿਆ। ਇਸ ਮੌਕੇ ਪੀੜਤ ਕਿਸਾਨ ਵੱਲੋਂ ਟਾਵਰ ਲਗਾਉਣ ਸੰਬੰਧੀ ਹੋਣ ਵਾਲੇ ਨੁਕਸਾਨ ਸਬੰਧੀ ਸਾਰੇ ਪਹਿਲੂਆਂ ਉਪਰ ਵਿਚਾਰ ਦੱਸੇ ਗਏ। ਇਸ ਮੌਕੇ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ ਨਾਇਬ ਤਸਿਹਲਦਾਰ ਹਰਿੰਦਰਜੀਤ ਸਿੰਘ ਵਲੋਂ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜਣ ਸੰਬੰਧੀ ਕਿਹਾ ਗਿਆ। ਐਕਸੀਐਨ ਧਰਮਵੀਰ ਕਮਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਜ਼ਮੀਨ ਸਬੰਧੀ ਮੌਕੇ ਉੱਤੇ ਦੱਸੇ ਗਏ ਸਾਰੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਇਸ ਜ਼ਮੀਨ ਦਾ ਦੁਬਾਰਾ ਰਿਵਿਊ ਕੀਤਾ ਜਾਵੇਗਾ। ਪਰ ਅੱਜ ਦੇ ਅਧਿਕਾਰੀਆਂ ਦੇ ਇਸ ਦੌਰੇ ਦੌਰਾਨ ਗੱਲਬਾਤ ਕਿਸੇ ਠੋਸ ਨਤੀਜੇ ਉਪਰ ਨਹੀਂ ਪਹੁੰਚੀ। ਇਸ ਮੌਕੇ ਪੀੜਤ ਕਿਸਾਨ ਪਰਿਵਾਰ ਤੋਂ ਇਲਾਵਾ ਇੰਡੀਅਨ ਫਾਰਮਰਜ਼ ਵਲੋਂ ਗੋਬਿੰਦਰ ਸਿੰਘ ਸਰਵਾਰਾ, ਬਲਦੇਵ ਸਿੰਘ ਪੱਬਰੀ, ਗੁਰਵਿੰਦਰ ਸਿੰਘ ਕੌਲੀ ਬੀੜ, ਦਲਬੀਰ ਸਿੰਘ ਪੱਬਰੀ ਹਾਜ਼ਰ ਸਨ।