ਗਰਮੀ ਕਾਰਨ ਸਕੂਲਾਂ ’ਚ ਵਿਦਿਆਰਥੀਆਂ ਦੀ ਹਾਜ਼ਰੀ ਘਟੀ
ਗਰਮੀ ਕਾਰਨ ਸਕੂਲਾਂ ’ਚ ਵਿਦਿਆਰਥੀਆਂ ਦੀ ਹਾਜਰੀ ਘਟੀ
Publish Date: Mon, 27 Apr 2026 06:26 PM (IST)
Updated Date: Mon, 27 Apr 2026 06:28 PM (IST)

ਪਰਗਟ•, ਪੰਜਾਬੀ ਜਾਗਰਣ•, ਪਟਿਆਲਾ ਛ ਸੂਬੇ ਅੰਦਰ ਗਰਮੀ ਦਾ ਕਹਿਰ ਦਿਨੋਂ ਦਿਨ ਵਧ ਰਿਹਾ ਹੈ। ਗਰਮੀ ਨਾਲ ਜਿੱਥੇ ਆਮ ਲੋਕ ਪਰੇਸ਼ਾਨ ਹਨ ਉਥੇ ਹੀ ਸਕੂਲਾਂ ’ਚ ਜਾਣ ਵਾਲੇ ਛੋਟੇ ਬਾਲ (ਬੱਚੇ) ਵੀ ਹਾਲੋਂ ਬੇਹਾਲ ਹਨ। ਦੁਪਹਿਰ ਨੂੰ ਛੁੱਟੀ ਵੇਲੇ ਤਾਂ ਛੋਟੇ ਬੱਚਿਆਂ ਦਾ ਹਾਲ ਹੋਰ ਵੀ ਬੁਰਾ ਹੋ ਜਾਂਦਾ ਹੈ ਕਿਉਂਕਿ ਅੱਤ ਦੀ ਪੈ ਰਹੀ ਗਰਮੀ ’ਚ ਬੱਚੇ ਵਾਪਸ ਘਰ ਮੁੜਦੇ ਹਨ। ਵਧੀ ਤਪਸ਼ ਦਾ ਅਸਰ ਹੁਣ ਸਕੂਲਾਂ ’ਤੇ ਵੀ ਪੈਣ ਲੱਗਾ ਹੈ ਤੇ ਗਰਮੀ ਕਾਰਨ ਸਕੂਲਾਂ ’ਚ ਵਿਦਿਆਰਥੀਆਂ ਦੀ ਹਾਜ਼ਰੀ ਘਟ ਗਈ ਹੈ। ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ’ਚ ਤਾਂ ਛੋਟੇ ਬੱਚਿਆਂ ਦੀ ਹਾਜ਼ਰੀ ਅੱਧੀ ਰਹਿ ਗਈ ਹੈ। ਮਾਪਿਆਂ ਦਾ ਤਰਕ ਹੈ ਕਿ ਛੋਟੇ ਬੱਚਿਆਂ ਨੂੰ ਗਰਮੀ ਕਾਰਨ ਪਰੇਸ਼ਾਨੀਆਂ ਆ ਰਹੀਆਂ ਹਨ, ਜਿਸ ਕਾਰਨ ਉਹ ਬੱਚਿਆਂ ਨੂੰ ਸਕੂਲ ਭੇਜਣ ਤੋਂ ਗੁਰੇਜ ਕਰਨ ਲੱਗੇ ਹਨ। ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਗਰਮੀ ਵੱਧ ਰਹੀ ਹੈ ਅਤੇ ਦੂਜੇ ਪਾਸੇ ਦਿਹਾਤੀ ਖੇਤਰਾਂ ’ਚ ਬਿਜਲੀ ਦੇ ਕੱਟ ਲੱਗ ਰਹੇ ਹਨ, ਜਿਸ ਕਾਰਨ ਬਿਨਾਂ ਪੱਖਿਆਂ ਤੋਂ ਛੋਟੇ ਬੱਚਿਆਂ ਦਾ ਕਲਾਸ ਵਿਚ ਬੈਠਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਦਾ ਤਰਕ ਹੈ ਕਿ ਇਸ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਗਰਮੀ ਕਾਰਨ ਟਾਲਾ ਵੱਟਣ ਲੱਗੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਗਰਮੀ ਘੱਟ ਹੋਣ ’ਤੇ ਬੱਚਿਆਂ ਨੂੰ ਸਕੂਲ ਭੇਜਿਆ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦਿਆਂ ਵੱਖ-ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਕਹਿਣਾ ਸੀ ਕਿ ਵਿਦਿਆਰਥੀਆਂ ਦੀ ਗਿਣਤੀ ਦੇ ਮੁਕਾਬਲੇ ਤੀਜਾ ਹਿੱਸਾ ਵਿਦਿਆਰਥੀ ਹੀ ਕਲਾਸ ਵਿਚ ਹਾਜ਼ਰ ਹੋ ਰਹੇ ਹਨ। ਜਦਕਿ ਅੱਧੇ ਤੋਂ ਵੱਧ ਵਿਦਿਆਰਥੀ ਗੈਰ ਹਾਜ਼ਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਨੂੰ ਬੱਚੇ ਸਕੂਲ ਭੇਜਣ ਬਾਰੇ ਕਿਹਾ ਗਿਆ ਸੀ ਪਰ ਉਹ ਅੱਤ ਦੀ ਗਰਮੀ ਕਾਰਨ ਬੱਚੇ ਨੂੰ ਸਕੂਲ ਨਹੀਂ ਭੇਜ ਰਹੇ। ਇਸੇ ਤਰ੍ਹਾਂ ਕਈ ਹੋਰਨਾਂ ਸਕੂਲਾਂ ਦੇ ਅਧਿਆਪਕਾਂ ਦਾ ਵੀ ਇਹੀ ਕਹਿਣਾ ਸੀ ਕਿ ਗਰਮੀ ਕਾਰਨ ਬੱਚਿਆਂ ਦੀ ਹਾਜ਼ਰੀ ’ਚ ਗਿਰਾਵਟ ਆਈ ਹੈ। - ਸਕੂਲਾਂ ਦਾ ਸਮਾਂ ਬਦਣਲ ਦੀ ਮੰਗ ਸਕੂਲ ’ਚੋਂ ਛੁੱਟੀ ਹੋਣ ਵੇਲੇ ਗਰਮੀ ਕਾਰਨ ਛੋਟੇ ਬੱਚਿਆਂ ਨੂੰ ਆਉਂਦੀਆਂ ਪਰੇਸ਼ਾਨੀਆਂ ਕਾਰਨ ਬੱਚਿਆਂ ਦੇ ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲ ਲੱਗਣ ਅਤੇ ਛੁੱਟੀ ਹੋਣ ਦਾ ਸਮਾਂ 7.30 ਤੋਂ 12.30 ਵਜੇ ਤੱਕ ਕੀਤਾ ਜਾਵੇ ਕਿਉਂਕਿ ਚੱਲ ਰਹੀ ‘ਲੂ’ ਕਾਰਨ ਬੱਚੇ ਬਿਮਾਰ ਹੋਣ ਦਾ ਖਤਰਾ ਵੱਧ ਰਿਹਾ ਹੈ। ਬੱਚਿਆਂ ਦੇ ਮਾਪੇ ਗੁਰਵਿੰਦਰ ਸਿੰਘ, ਮਨਿੰਦਰ ਸਿੰਘ ਤੇ ਹੋਰਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ।