ਐਲੀਮੈਂਟਰੀ ਸਕੂਲ ਇਕ ਮਹੀਨੇ ਵਿਚ ਖਾਲੀ ਕਰਨ ਦੇ ਹੁਕਮ
ਬਿਸ਼ਨ ਨਗਰ ਸਥਿਤ ਗੁਰਦੁਆਰਾ ਸੰਤ ਕਾਲੀ ਕੰਬਲੀ ਵਾਲੇ ਵਿੱਚ ਚੱਲ ਰਿਹਾ ਐਲੀਮੈਂਟਰੀ ਸਕੂਲ
Publish Date: Sun, 12 Apr 2026 06:35 PM (IST)
Updated Date: Mon, 13 Apr 2026 04:13 AM (IST)

ਬਿਸ਼ਨ ਨਗਰ ਸਥਿਤ ਗੁਰਦੁਆਰਾ ਸੰਤ ਕਾਲੀ ਕੰਬਲੀ ਵਾਲੇ ’ਚ ਚੱਲ ਰਿਹਾ ਹੈ ਸਕੂਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ:- ਪੰਜਾਬ ਸਰਕਾਰ ਜਿੱਥੇ ਇੱਕ ਪਾਸੇ ਸਕੂਲ ਆਫ ਐਮੀਨੈਂਸ ਤੇ ਸਮਾਰਟ ਸਕੂਲਾਂ ਰਾਹੀਂ ਸਿੱਖਿਆ ਪ੍ਰਣਾਲੀ ’ਚ ਕ੍ਰਾਂਤੀ ਲਿਆਉਣ ਦੇ ਦਾਅਵੇ ਕਰ ਰਹੀ ਹੈ, ਉੱਥੇ ਹੀ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦੀ ਨਜ਼ਰ ਆ ਰਹੀ ਹੈ। ਜ਼ਿਲ੍ਹੇ ਦਾ ਸਰਕਾਰੀ ਐਲਿਮੈਂਟਰੀ ਸਕੂਲ, ਦੀਪ ਨਗਰ ਇਸ ਦੀ ਇੱਕ ਮਿਸਾਲ ਹੈ, ਜਿੱਥੇ 150 ਤੋਂ ਵੱਧ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਹੁਣ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਦੀਪ ਨਗਰ ਦਾ ਇਹ ਸਕੂਲ ਪਿਛਲੇ ਲੱਗਭਗ 36 ਸਾਲਾਂ ਤੋਂ ਬਿਸ਼ਨ ਨਗਰ ਸਥਿਤ ਗੁਰਦੁਆਰਾ ਸੰਤ ਕਾਲੀ ਕੰਬਲੀ ਵਾਲੇ ’ਚ ਚੱਲ ਰਿਹਾ ਹੈ। ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਪੱਤਰ ਲਿਖ ਕੇ ਇੱਕ ਮਹੀਨੇ ਅੰਦਰ ਸਕੂਲ ਨੂੰ ਇੱਥੋਂ ਸ਼ਿਫਟ ਕਰਨ ਦੀ ਮੰਗ ਕੀਤੀ ਹੈ। ਕਮੇਟੀ ਦਾ ਕਹਿਣਾ ਹੈ ਕਿ ਗੁਰਦੁਆਰਾ ’ਚ ਸੰਗਤ ਲਈ ਬਾਥਰੂਮ ਤੇ ਹੋਰ ਸਹੂਲਤਾਂ ਵਿਕਸਤ ਕਰਨੀਆਂ ਹਨ, ਜਿਸ ਕਾਰਨ ਇੱਥੇ ਸਕੂਲ ਚਲਾਉਣਾ ਸੰਭਵ ਨਹੀਂ। ਹਾਲਾਂਕਿ ਸਿੱਖਿਆ ਵਿਭਾਗ ਕੋਲ ਇਸ ਵੇਲੇ ਸਕੂਲ ਨੂੰ ਸ਼ਿਫਟ ਕਰਨ ਲਈ ਕੋਈ ਉਚਿਤ ਪ੍ਰਬੰਧ ਉਪਲੱਬਧ ਨਹੀਂ ਹੈ। ਇਸ ਕਰ ਕੇ ਬੱਚਿਆਂ ਦੀ ਪੜ੍ਹਾਈ ਤੇ ਉਨ੍ਹਾਂ ਦੇ ਭਵਿੱਖ ’ਤੇ ਗੰਭੀਰ ਸੰਕਟ ਮੰਡਰਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਇੰਨਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਇਸ ਸਕੂਲ ਦੀ ਆਪਣੀ ਕੋਈ ਇਮਾਰਤ ਨਹੀਂ ਬਣ ਸਕੀ। ਪਹਿਲੀ ਤੋਂ 5ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਗੁਰਦੁਆਰੇ ਦੇ ਇੱਕ ਸਾਦੇ ਵਿਹੜੇ ’ਚ ਪੜ੍ਹਾਇਆ ਜਾ ਰਿਹਾ ਹੈ, ਜਿੱਥੇ ਨਾ ਕਮਰੇ ਹਨ ਤੇ ਨਾ ਹੀ ਬੁਨਿਆਦੀ ਸਹੂਲਤਾਂ ਉਪਲੱਬਧ ਹਨ। ਡੱਬੀ ਬੱਚਿਆਂ ਦੀ ਸੁਰੱਖਿਆ ਤੇ ਸਿਹਤ ਦੋਵੇਂ ਖਤਰੇ ’ਚ ਸਕੂਲ ’ਚ ਪੜ੍ਹਦੇ ਬੱਚਿਆਂ ਨੂੰ ਬਾਥਰੂਮ ਵਰਗੀ ਮੁੱਢਲੀ ਸਹੂਲਤ ਲਈ ਵੀ ਗੁਰਦੁਆਰਾ ਸਾਹਿਬ ’ਤੇ ਨਿਰਭਰ ਰਹਿਣਾ ਪੈਂਦਾ ਹੈ। ਭਿਆਨਕ ਗਰਮੀ ਅਤੇ ਕੜਾਕੇ ਦੀ ਠੰਢ ’ਚ ਖੁੱਲ੍ਹੇ ਮਾਹੌਲ ’ਚ ਪੜ੍ਹਾਈ ਕਰਨਾ ਬੱਚਿਆਂ ਦੀ ਸਿਹਤ ’ਤੇ ਸਿੱਧਾ ਅਸਰ ਪਾ ਰਿਹਾ ਹੈ। ਇਸ ਦੇ ਨਾਲ ਹੀ ਧਾਰਮਿਕ ਸਮਾਗਮਾਂ ਦੌਰਾਨ ਵਧਦੀ ਭੀੜ ਤੇ ਵਾਹਨਾਂ ਦੀ ਆਵਾਜਾਈ ਬੱਚਿਆਂ ਦੀ ਸੁਰੱਖਿਆ ਲਈ ਵੀ ਖਤਰਾ ਬਣ ਰਹੀ ਹੈ। ਡੱਬੀ ਕੀ ਕਹਿੰਦਾ ਹੈ ਰਾਈਟ-ਟੂ-ਐਜੂਕੇਸ਼ਨ ਐਕਟ ਰਾਈਟ-ਟੂ-ਐਜੂਕੇਸ਼ਨ ਐਕਟ ਤਹਿਤ ਪ੍ਰਾਇਮਰੀ ਪੱਧਰ ’ਤੇ ਬੱਚਿਆਂ ਨੂੰ ਘਰ ਤੋਂ ਇੱਕ ਕਿਲੋਮੀਟਰ ਦੇ ਦਾਇਰੇ ’ਚ ਸਕੂਲ ਉਪਲੱਬਧ ਕਰਵਾਉਣਾ ਲਾਜ਼ਮੀ ਹੈ। ਅਜਿਹੇ ’ਚ ਜੇ ਇਹ ਸਕੂਲ ਬੰਦ ਕੀਤਾ ਜਾਂਦਾ ਹੈ ਤਾਂ ਆਰਟੀਈ ਨਿਯਮਾਂ ਦੀ ਉਲੰਘਣਾ ਹੋਵੇਗੀ ਤੇ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ਲਈ 2 ਤੋਂ 5 ਕਿਲੋਮੀਟਰ ਦੂਰ ਜਾਣਾ ਪੈ ਸਕਦਾ ਹੈ। ਡੱਬੀ ਬਰਸਾਤ ਤੇ ਤੂਫਾਨ ’ਚ ਠੱਪ ਹੋ ਜਾਂਦੀ ਹੈ ਪੜ੍ਹਾਈ ਵਿਹੜੇ ’ਚ ਚੱਲਣ ਵਾਲੀ ਪੜ੍ਹਾਈ ਮੌਸਮ ’ਤੇ ਨਿਰਭਰ ਰਹਿੰਦੀ ਹੈ। ਬਰਸਾਤ ਜਾਂ ਤੇਜ਼ ਹਨੇਰੀ ਦੌਰਾਨ ਬੱਚਿਆਂ ਦੀਆਂ ਕਿਤਾਬਾਂ ਤੇ ਫਰਨੀਚਰ ਭਿੱਜ ਜਾਂਦੇ ਹਨ, ਜਿਸ ਨਾਲ ਪੜ੍ਹਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਸ ਦੇ ਨਾਲ ਗੁਰਦੁਆਰਾ ਸਾਹਿਬ ਵਿੱਚ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ ਕਾਰਨ ਵੀ ਕਈ ਵਾਰ ਕਲਾਸਾਂ ਪ੍ਰਭਾਵਿਤ ਹੁੰਦੀਆਂ ਹਨ। ਡੱਬੀ ਐਲਾਨ ਕੇਵਲ ਕਾਗਜ਼ਾਂ ਤੱਕ ਸੀਮਿਤ ਸਥਾਨਕ ਵਸਨੀਕਾਂ ਦੇ ਮੁਤਾਬਕ ਕੁਝ ਸਮਾਂ ਪਹਿਲਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਕੂਲ ਲਈ ਨਵੀਂ ਇਮਾਰਤ ਦਾ ਐਲਾਨ ਕੀਤਾ ਸੀ ਅਤੇ ਜ਼ਮੀਨ ਅਲਾਟ ਕਰਨ ਦੀ ਗੱਲ ਵੀ ਕਹੀ ਗਈ ਸੀ, ਪਰ ਇਹ ਐਲਾਨ ਅੱਜ ਤੱਕ ਹਕੀਕਤ ਵਿੱਚ ਨਹੀਂ ਬਦਲ ਸਕਿਆ। ਡੱਬੀ ਸਮਾਰਟ ਸਿੱਖਿਆ ਦੇ ਦਾਵੇ ਤੋਂ ਕੋਸਾਂ ਦੂਰ ਆਪਣੀ ਇਮਾਰਤ ਨਾ ਹੋਣ ਕਾਰਨ ਸਕੂਲ ਵਿੱਚ ਨਾ ਸਮਾਰਟ ਕਲਾਸਾਂ ਸ਼ੁਰੂ ਹੋ ਸਕੀਆਂ ਹਨ ਅਤੇ ਨਾ ਹੀ ਆਧੁਨਿਕ ਢਾਂਚਾ ਵਿਕਸਤ ਹੋ ਸਕਿਆ ਹੈ। ਹਾਲਾਂਕਿ ਕੁਝ ਸਮਾਂ ਪਹਿਲਾਂ ਬੱਚਿਆਂ ਲਈ ਡੈਸਕ ਅਤੇ ਫਰਨੀਚਰ ਦੀ ਵਿਵਸਥਾ ਕੀਤੀ ਗਈ ਸੀ, ਪਰ ਇਹ ਕਾਫ਼ੀ ਨਹੀਂ ਹੈ। ਡੱਬੀ ਉਚਿਤ ਇਮਾਰਤ ਦੀ ਤਲਾਸ਼ ਜਾਰੀ: ਡੀਈਓ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਸ਼ਾਲੂ ਮਹਿਰਾ ਨੇ ਕਿਹਾ ਕਿ ਸਕੂਲ ਨੂੰ ਸ਼ਿਫਟ ਕਰਨ ਲਈ ਥਾਂ ਦੀ ਤਲਾਸ਼ ਜਾਰੀ ਹੈ ਪਰ ਉਚਿਤ ਇਮਾਰਤ ਨਹੀਂ ਮਿਲ ਰਹੀ। ਫਿਲਹਾਲ ਗੁਰਦੁਆਰਾ ਕਮੇਟੀ ਨੂੰ ਕਿਰਾਇਆ ਵੀ ਦਿੱਤਾ ਜਾ ਰਿਹਾ ਹੈ ਤਾਂ ਜੋ ਅਸਥਾਈ ਤੌਰ ’ਤੇ ਪ੍ਰਬੰਧ ਜਾਰੀ ਰੱਖਿਆ ਜਾ ਸਕੇ।