ਸਫ਼ਾਈ ਸੇਵਕਾਂ ਨੇ ਸ਼ਹਿਰ ਦੇ ਬਾਜ਼ਾਰਾਂ ’ਚ ਸੁੱਟਿਆ ਕੂੜਾ, ਕੂੜਾ ਨਾ ਹਟਾਉਣ ਲਈ ਦੁਕਾਨਦਾਰਾਂ ਨੂੰ ਦਿੱਤੀ ਚੇਤਵਾਨੀ

ਗਰਗ, ਪੰਜਾਬੀ ਜਾਗਰਣ, ਅਮਲੋਹ : ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਸਫ਼ਾਈ ਸੇਵਕ ਯੂਨੀਅਨ ਅਮਲੋਹ ਵੱਲੋਂ ਕੀਤੀ ਅਣਮਿੱਥੇ ਸਮੇਂ ਦੀ ਕੰਮ-ਛੋੜ ਹੜਤਾਲ ਅੱਜ 11ਵੇਂ ਦਿਨ ’ਚ ਦਾਖਲ ਹੋ ਗਈ। ਅੱਜ ਨਗਰ ਕੌਂਸਲ ਅਮਲੋਹ ਦੇ ਸਮੂਹ ਸਫ਼ਾਈ ਕਰਮਚਾਰੀਆਂ ਵੱਲੋਂ ਪ੍ਰਧਾਨ ਮੇਟ ਪਰਮਜੀਤ ਪੰਮੀ ਦੀ ਅਗਵਾਈ ਹੇਠ ਨਗਰ ਕੌਂਸਲ ਅੱਗੇ ਧਰਨਾ ਲਾਇਆ ਗਿਆ ਅਤੇ ਪੰਜਾਬ ਸਰਕਾਰ ਰੋਸ਼ ਪ੍ਰਦਰਸ਼ਨ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਸ ਤੋਂ ਬਾਅਦ ਸਫ਼ਾਈ ਸੇਵਕਾਂ ਨੇ ਅਮਲੋਹ ਦੇ ਮੇਨ ਬਾਜ਼ਾਰ, ਪੁਰਾਣੀ ਅਨਾਜ਼ ਮੰਡੀ, ਨਾਭਾ ਚੌਂਕ, ਸਰਾਫਾ ਬਜ਼ਾਰ, ਬੁੱਗਾ ਬੱਸ ਸਟੈਂਡ, ਸਿਵਲ ਹਸਪਤਾਲ, ਪੰਡਤ ਮੰਡੀ ਗੋਬਿੰਦਗੜ੍ਹ ਚੌਂਕ ਤੱਕ ਗਿੱਲਾ ਅਤੇ ਸੁੱਕਾ ਕੂੜਾ ਸੁੱਟ ਦਿੱਤਾ ਅਤੇ ਉਨ੍ਹਾਂ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਚੇਤਾਵਨੀ ਦੀ ਅਨਾਊਂਸਮੈਟ ਕੀਤੀ ਕਿ ਜੇ ਕੋਈ ਕਿਸੇ ਨੇ ਕੂੜੇ ਨੂੰ ਚੁੱਕਣ ਜਾ ਸਾਫ਼਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਅੱਗੇ ਹੋਰ ਕੂੜਾ ਸੁੱਟਿਆ ਜਾਵੇਗਾ। ਅਮਲੋਹ ਬਜ਼ਾਰ ਦੇ ਹਾਲਾਤ ਬਦ ਤੋਂ ਬਦਤਰ ਬਣ ਚੁੱਕੇ ਹਨ ਕਿਉਂਕਿ ਸੀਵਰੇਜ਼ ਜਾਮ ਹੋਣ ਕਾਰਨ ਪਾਣੀ ਸੜਕਾਂ ’ਤੇ ਜਮ੍ਹਾਂ ਹੋ ਗਿਆ ਹੈ ਅਤੇ ਹੁਣ ਸਫ਼ਾਈ ਸੇਵਕਾਂ ਨੇ ਗਿੱਲਾ ਤੇ ਸੁੱਕਾ ਕੂੜਾ ਵੀ ਉਸ ਵਿਚ ਸੁੱਟ ਦਿੱਤਾ ਹੈ ਜਿਸ ਕਾਰਨ ਪੂਰੇ ਬਾਜ਼ਾਰ ਵਿਚ ਬਦਬੂ ਫ਼ੈਲ ਚੁੱਕੀ ਹੈ ਰਾਹਗੀਰਾਂ ਦਾ ਲੰਘਣਾ ਤੇ ਦੁਕਾਨਦਾਰਾਂ ਦਾ ਦੁਕਾਨ ਵਿਚ ਬੈਠਣਾ ਮੁਸ਼ਕਿਲ ਹੋ ਗਿਆ ਹੈ।