ਸਫ਼ਾਈ ਕਾਮਿਆਂ ਨੇ ਸੁਨਾਮ ਸ਼ਹਿਰ ’ਚ ਕੱਢਿਆ ਰੋਸ ਮਾਰਚ
ਸਫ਼ਾਈ ਕਾਮਿਆਂ ਨੇ ਸੁਨਾਮ ਸ਼ਹਿਰ ’ਚ ਕੱਢਿਆ ਰੋਸ ਮਾਰਚ
Publish Date: Thu, 14 May 2026 05:16 PM (IST)
Updated Date: Fri, 15 May 2026 04:04 AM (IST)

ਕਿਹਾ- ਸੂਬਾ ਸਰਕਾਰ ਮੰਗਾਂ ਮੰਨਣ ਤੋਂ ਹੋ ਰਹੀ ਇਨਕਾਰੀ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਕੂੜੇ ਦੇ ਲੱਗੇ ਢੇਰ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਆਊਟਸੋਰਸ ਪ੍ਰਣਾਲੀ ਅਤੇ ਕੱਚੇ ਸਫ਼ਾਈ ਕਾਮਿਆਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈਕੇ ਪਿਛਲੇ ਅੱਠ ਦਿਨਾਂ ਤੋਂ ਨਗਰ ਕੌਂਸਲ ਦਫ਼ਤਰ ਸੁਨਾਮ ਦੇ ਸਾਹਮਣੇ ਹੜਤਾਲ ਤੇ ਬੈਠੇ ਸਫ਼ਾਈ ਕਾਮਿਆਂ ਨੇ ਵੀਰਵਾਰ ਨੂੰ ਸੁਨਾਮ ਵਿਖੇ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਦੀ ਸਰਕਾਰ ਸਫ਼ਾਈ ਕਾਮਿਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਸ਼ਹਿਰ ਅੰਦਰ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ, ਨਾਲੀਆਂ ਦਾ ਪਾਣੀ ਸੜਕਾਂ ਤੇ ਆ ਰਿਹਾ ਹੈ। ਇਸ ਮੌਕੇ ਬੋਲਦਿਆਂ ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਮਨ ਸਿੱਖਣ, ਚੇਅਰਮੈਨ ਦੁਲੀਆ ਰਾਮ, ਮਿਉਂਸਪਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਿਰਨਦੀਪ ਪਿੰਚੂ ਸਹੋਤਾ, ਅੰਬੇਦਕਰ ਸਭਾ ਦੇ ਸੂਬਾਈ ਪ੍ਰਧਾਨ ਹਰਜਸ ਸਿੰਘ ਖਡਿਆਲ, ਅਜੇ ਕਾਂਗੜਾ, ਸੂਰਜ ਕੁਮਾਰ, ਵਿਜੇ ਡੋਨੀ, ਸ਼ਰਦਾ ਰਾਮ, ਬਲਵਿੰਦਰ ਕੁਮਾਰ ਅਤੇ ਅਸ਼ੀਸ਼ ਕੁਮਾਰ ਨੇ ਆਖਿਆ ਕਿ ਆਊਟਸੋਰਸ ਪ੍ਰਣਾਲੀ ਅਤੇ ਕੱਚੇ ਸਫ਼ਾਈ ਸੇਵਕ ਲੰਮੇ ਸਮੇਂ ਤੋਂ ਨਿਗੂਣੇ ਮਾਣਮੱਤੇ ਤੇ ਸੇਵਾਵਾਂ ਨਿਭਾਅ ਰਹੇ ਹਨ, ਅਜਿਹੇ ਮਹਿੰਗਾਈ ਦੇ ਜ਼ਮਾਨੇ ਵਿੱਚ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਫ਼ਾਈ ਕਾਮਿਆਂ ਦੀ ਹੜਤਾਲ ਨੂੰ ਅਣਗੌਲਿਆਂ ਕਰ ਰਹੀ ਹੈ, ਸਰਕਾਰ ਦਾ ਕੋਈ ਨੁਮਾਇੰਦਾ ਹੜਤਾਲੀ ਸਫ਼ਾਈ ਸੇਵਕਾਂ ਦੀ ਸਾਰ ਲੈਣ ਨਹੀਂ ਆਉਂਦਾ। ਉਨ੍ਹਾਂ ਆਖਿਆ ਕਿ ਕੱਚੇ ਸਫ਼ਾਈ ਕਾਮਿਆਂ ਨੂੰ ਰੈਗੂਲਰ ਕਰਨ ਸਬੰਧੀ ਮਗਰਲੀਆਂ ਸਰਕਾਰਾਂ ਨੇ ਬਕਾਇਦਾ ਪੱਤਰ ਜਾਰੀ ਕੀਤਾ ਲੇਕਿਨ ਸੂਬੇ ਦੀ ਭਗਵੰਤ ਮਾਨ ਸਰਕਾਰ ਵਾਅਦਿਆਂ ਤੋਂ ਮੁੱਕਰ ਰਹੀ ਹੈ। ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ ਸੀ ਲੇਕਿਨ ਸਰਕਾਰ ਆਉਣ ਤੋਂ ਬਾਅਦ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਜੇਕਰ ਸਰਕਾਰ ਨੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨਾ ਜਾਰੀ ਰੱਖਿਆ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਨਤੀਜੇ ਭੁਗਤਣੇ ਪੈਣਗੇ। ਦੱਸ ਦੇਈਏ ਵਿਰੋਧੀ ਧਿਰਾਂ ਦੇ ਆਗੂ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ, ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ, ਸੁਨਾਮ ਬਲਾਕ ਕਾਂਗਰਸ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਤੋਂ ਇਲਾਵਾ ਘਣਸ਼ਿਆਮ ਕਾਂਸਲ ਸਮੇਤ ਹੋਰ ਆਗੂ ਹੜਤਾਲੀ ਸਫ਼ਾਈ ਕਾਮਿਆਂ ਦੀ ਹੜਤਾਲ ਨੂੰ ਸਮਰਥਨ ਦੇ ਚੁੱਕੇ ਹਨ।