ਸਫਾਈ ਕਾਮਿਆਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ
ਸਫਾਈ ਕਾਮਿਆਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ
Publish Date: Fri, 08 May 2026 04:28 PM (IST)
Updated Date: Fri, 08 May 2026 04:29 PM (IST)

225 ਕਾਮੇ ਹੜਤਾਲ ’ਤੇ, ਕੂੜੇ ਨਾਲ ਸ਼ਹਿਰ ਹੋਇਆ ਬੇਹਾਲ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮੰਗਾਂ ਨੂੰ ਲੈ ਕੇ ਸਫਾਈ ਸੇਵਕ ਯੂਨੀਅਨ ਵੱਲੋ ਸ਼ੁਰੂ ਕੀਤੀ ਅਣਮਿੱਥੇ ਸਮੇ ਦੀ ਹੜਤਾਲ ਤੀਜੇ ਦਿਨ ਸ਼ੁੱਕਰਵਾਰ ਨੂੰ ਵੀ ਜਾਰੀ ਰਹੀ। ਤਿੰਨ ਦਿਨਾਂ ਤੋ ਕੂੜਾ ਨਾ ਚੁੱਕੇ ਜਾਣ ਕਾਰਨ ਸਾਰਾ ਸ਼ਹਿਰ ਕੂੜੇ ਦੇ ਢੇਰ ਵਿੱਚ ਤਬਦੀਲ ਹੋਣ ਲੱਗਾ ਹੈ ਅਤੇ ਸ਼ਹਿਰ ਵਿੱਚ 30 ਤੋ 35 ਟਨ ਕੂੜਾ ਸ਼ਹਿਰ ਦੀਆਂ ਸੜਕਾਂ ਤੇ ਪਿਆ ਹੈ। ਜੇਕਰ ਹਾਲਾਤ ਇਹੀ ਬਣੇ ਰਹੇ ਤਾਂ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਨਗਰ ਕੌਸਲ ਦਫਤਰ ਵਿੱਚ ਧਰਨੇ ਦੌਰਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਨੇ ਕਿਹਾ ਕਿ ਪੰਜਾਬ ਸਰਕਾਰ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਮੰਗਾਂ ਨੂੰ ਨਜਰਅੰਦਾਜ ਕਰ ਰਹੀ ਹੈ ਅਤੇ ਮੰਗਾਂ ਨੂੰ ਲੈ ਕੇ ਯੂਨੀਅਨ ਕਾਫ਼ੀ ਸਮੇਂ ਤੋਂ ਸੰਘਰਸ਼ ਕਰ ਰਹੀ ਹੈ, ਪਰ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ‘ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਸਫਾਈ ਕਾਮਿਆਂ ਵਿੱਚ ਪੰਜਾਬ ਸਰਕਾਰ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅਣਦੇਖੀ ਦੇ ਕਾਰਨ ਹੀ ਵਾਰ-ਵਾਰ ਹੜਤਾਲ ਅਤੇ ਪ੍ਰਦਰਸ਼ਨ ਕਰਨੇ ਪੈਂਦੇ ਹਨ। ਯੂਨੀਅਨ ਦੀ ਮੁੱਖ ਮੰਗ ਹੈ ਕਿ ਕੱਚੇ ਸਫਾਈ ਕਰਮਚਾਰੀਆਂ ਅਤੇ ਸੀਵਰ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ ਬਾਕੀ ਹੋਰ ਮੰਗਾਂ ਨੂੰ ਛੇਤੀ ਪੂਰਾ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਛੇਤੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਤੇਜ ਕਰ ਦੇਣਗੇ। ਦੂਜੇ ਪਾਸੇ, ਸ਼ਹਿਰ ਦੇ ਸਮਾਜ ਸੇਵੀ ਜਤਿੰਦਰ ਕਾਲੜਾ ਨੇ ਸ਼ਹਿਰ ਵਿੱਚ ਲੱਗੇ ਥਾਂ-ਥਾਂ ਕੂੜੇ ਦੇ ਢੇਰਾਂ ਤੇ ਆਪਣਾ ਰੋਸ ਪ੍ਰਗਟਾਉਦਿਆਂ ਲੋਕਾਂ, ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਤੇ ਕੂੜਾ ਨਾ ਸੁੱਟਣ ਅਤੇ ਜਦੋ ਤੱਕ ਹੜਤਾਲ ਚੱਲੇਗੀ, ਉਦੋ ਤੱਕ ਕੂੜਾ ਆਪਣੇ ਘਰਾਂ ਵਿੱਚ ਹੀ ਰੱਖਣ ਜਾਂ ਫੇਰ ਸ਼ਹਿਰ ਵਿੱਚ ਬਣੇ ਕੂੜੇ ਦੇ ਡੰਪਾਂ ਵਿੱਚ ਸੁੱਟਿਆ ਜਾਵੇ, ਤਾਂ ਜੋ ਸ਼ਹਿਰ ਦੀ ਖੂਬਸੂਰਤੀ ਨੂੰ ਖਰਾਬ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸੜਕਾਂ ਤੇ ਕੂੜਾ ਸੁੱਟਿਆ ਜਾਵੇਗਾ ਤਾਂ ਇਸ ਨਾਲ ਨਾ ਕੇਵਲ ਵਾਤਾਵਰਨ ਦੂਸ਼ਿਤ ਹੋਵੇਗਾ, ਸਗੋ ਬਿਮਾਰੀਆਂ ਫੈਲਣ ਦਾ ਡਰ ਵੀ ਬਣੇਗਾ।