225 ਕਾਮੇ ਹੜਤਾਲ ’ਤੇ, ਕੂੜੇ ਨਾਲ ਸ਼ਹਿਰ ਹੋਇਆ ਬੇਹਾਲ
ਸਫਾਈ ਕਾਮਿਆਂ ਦੀ ਦੂਜੇ ਦਿਨ ਵੀ ਹੜਤਾਲ ਜਾਰੀ ਰਹੀ
Publish Date: Thu, 07 May 2026 05:45 PM (IST)
Updated Date: Fri, 08 May 2026 04:12 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸਫਾਈ ਸੇਵਕ ਯੂਨੀਅਨ ਵੱਲੋਂ ਸ਼ੁਰੂ ਕੀਤੀ ਅਣਮਿੱਥੇ ਸਮੇਂ ਦੀ ਹੜਤਾਲ ਦੂਜੇ ਦਿਨ ਵੀਰਵਾਰ ਨੂੰ ਵੀ ਜਾਰੀ ਰਹੀ। ਸਫਾਈ ਕਾਮਿਆਂ ਦੇ ਹੜਤਾਲ ’ਤੇ ਚਲੇ ਜਾਣ ਕਾਰਨ ਸ਼ਹਿਰ ਕੂੜੇ ਦੇ ਢੇਰਾਂ ਨਾਲ ਬੇਹਾਲ ਹੋਣ ਲੱਗ ਗਿਆ ਹੈ। ਹੜਤਾਲ ਕਾਰਨ ਸ਼ਹਿਰ ਵਿਚ 30 ਤੋਂ 35 ਟਨ ਕੂੜਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਪਿਆ ਹੈ। ਬੁੱਧਵਾਰ ਦੀ ਸ਼ਾਮ ਚੱਲੀ ਤੇਜ਼ ਹਨੇਰੀ ਨੇ ਕੂੜੇ ਨੂੰ ਦੂਰ-ਦੂਰ ਤਕ ਖਿਲਾਰ ਦਿੱਤਾ। ਜੇਕਰ ਹਾਲਾਤ ਇਹੀ ਬਣੇ ਰਹੇ ਤਾਂ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਨਗਰ ਕੌਂਸਲ ਦਫ਼ਤਰ ਵਿਚ ਧਰਨੇ ਦੌਰਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਨੇ ਕਿਹਾ ਕਿ ਪੰਜਾਬ ਸਰਕਾਰ ਸਫਾਈ ਸੇਵਕਾਂ ਤੇ ਸੀਵਰਮੈਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ ਕਰ ਰਹੀ ਹੈ ਤੇ ਮੰਗਾਂ ਨੂੰ ਲੈ ਕੇ ਯੂਨੀਅਨ ਕਾਫ਼ੀ ਸਮੇਂ ਤੋਂ ਸੰਘਰਸ਼ ਕਰ ਰਹੀ ਹੈ, ਪਰ ਅਜੇ ਤਕ ਉਨ੍ਹਾਂ ਦੀਆਂ ਮੰਗਾਂ ’ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਕਾਰਨ ਸਫਾਈ ਕਾਮਿਆਂ ਵਿਚ ਪੰਜਾਬ ਸਰਕਾਰ ਪ੍ਰਤੀ ਰੋਸ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅਣਦੇਖੀ ਦੇ ਕਾਰਨ ਹੀ ਵਾਰ-ਵਾਰ ਹੜਤਾਲ ਤੇ ਪ੍ਰਦਰਸ਼ਨ ਕਰਨੇ ਪੈਂਦੇ ਹਨ। ਯੂਨੀਅਨ ਦੀ ਮੁੱਖ ਮੰਗ ਹੈ ਕਿ ਕੱਚੇ ਸਫਾਈ ਕਰਮਚਾਰੀਆਂ ਤੇ ਸੀਵਰ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਤੇ ਬਾਕੀ ਹੋਰ ਮੰਗਾਂ ਨੂੰ ਛੇਤੀ ਪੂਰਾ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਛੇਤੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਤੇਜ ਕਰ ਦੇਣਗੇ। ਉਧਰ, ਸ਼ਹਿਰ ਦੇ ਸਮਾਜ ਸੇਵੀ ਜਤਿੰਦਰ ਕਾਲੜਾ ਨੇ ਸ਼ਹਿਰ ਵਿਚ ਲੱਗੇ ਥਾਂ-ਥਾਂ ਕੂੜੇ ਦੇ ਢੇਰਾਂ ਤੇ ਆਪਣਾ ਰੋਸ ਪ੍ਰਗਟਾਉਦਿਆਂ ਲੋਕਾਂ, ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਤੇ ਕੂੜਾ ਨਾ ਸੁੱਟਣ ਅਤੇ ਜਦੋਂ ਤਕ ਹੜਤਾਲ ਚੱਲੇਗੀ, ਉਦੋਂ ਤਕ ਕੂੜਾ ਆਪਣੇ ਘਰਾਂ ਵਿਚ ਹੀ ਰੱਖੇ ਜਾਂ ਫੇਰ ਸ਼ਹਿਰ ਵਿਚ ਬਣੇ ਕੂੜੇ ਦੇ ਡੰਪਾਂ ਵਿੱਚ ਸੁੱਟੋ, ਤਾਂ ਜੋ ਸ਼ਹਿਰ ਦੀ ਖੂਬਸੂਰਤੀ ਨੂੰ ਖ਼ਰਾਬ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸੜਕਾਂ ’ਤੇ ਕੂੜਾ ਸੁੱਟਿਆ ਜਾਵੇਗਾ ਤਾਂ ਇਸ ਨਾਲ ਨਾ ਕੇਵਲ ਵਾਤਾਵਰਨ ਦੂਸ਼ਿਤ ਹੋਵੇਗਾ, ਸਗੋ ਬਿਮਾਰੀਆਂ ਫੈਲਣ ਦਾ ਡਰ ਵੀ ਬਣੇਗਾ।