11 ਦਿਨਾਂ ਤੋਂ ਹੜਤਾਲ ਜਾਰੀ, ਸ਼ਹਿਰ ’ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ
ਸਫਾਈ ਸੇਵਕਾਂ ਦੀ ਹੜਤਾਲ ਜਾਰੀ, ਲੋਕਾਂ ਤੇ ਪੈ ਰਹੀ ਭਾਰੀ
Publish Date: Sun, 17 May 2026 04:48 PM (IST)
Updated Date: Mon, 18 May 2026 04:04 AM (IST)

ਸਫਾਈ ਸੇਵਕਾਂ ਦੀ ਹੜਤਾਲ ਜਾਰੀ, ਲੋਕਾਂ ’ਤੇ ਪੈ ਰਹੀ ਭਾਰੀ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪਿਛਲੇ 11 ਦਿਨਾਂ ਤੋਂ ਸਫਾਈ ਸੇਵਕ ਲਗਾਤਾਰ ਹੜਤਾਲ ਤੇ ਚੱਲ ਰਹੇ ਹਨ ਤੇ ਇਹ ਹੜਤਾਲ ਸ਼ਹਿਰ ਵਾਸੀਆਂ ਤੇ ਭਾਰੀ ਪੈਣ ਲੱਗੀ ਹੈ। ਸ਼ਹਿਰ ਦੀਆਂ ਸੜਕਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਤੇ ਗਰਮੀ ਵਧਣ ਕਾਰਨ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਖ਼ਤਰਾ ਵੀ ਵਧਣ ਲੱਗਾ ਹੈ। ਕਿਉਂਕਿ ਕੂੜੇ ਵਿੱਚੋਂ ਉਠ ਰਹੀ ਬਦਬੂ ਨੇ ਸ਼ਹਿਰ ਦਾ ਵਾਤਾਵਰਨ ਦੂਸ਼ਿਤ ਕਰ ਦਿੱਤਾ ਹੈ। ਇਸ ਕਾਰਨ ਸ਼ਹਿਰ ਵਾਸੀ ਕਿਸੇ ਸਮੇਂ ਵੀ ਗੰਭੀਰ ਬਿਮਾਰੀਆਂ ਦੀ ਲਪੇਟ ’ਚ ਆ ਸਕਦੇ ਹਨ। ਜ਼ਿਕਰਯੋਗ ਹੈ ਕਿ ਸਫਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ 6 ਮਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਹਨ। ਇਸ ਕਾਰਨ ਸ਼ਹਿਰ ਦਾ ਸ਼ਾਇਦ ਹੀ ਕੋਈ ਹਿੱਸਾ ਹੋਵੇ, ਜਿੱਥੇ ਕੂੜੇ ਦੇ ਢੇਰ ਨਾ ਲੱਗੇ ਦਿਖਾਈ ਦੇਣ ਲਾਵਾਰਿਸ ਪਸ਼ੂ ਉਨ੍ਹਾਂ ’ਤੇ ਮੂੰਹ ਮਾਰਦੇ ਹਨ ਤੇ ਕੂੜਾ ਸੜਕਾਂ ’ਤੇ ਖਿਲਾਰ ਰਹੇ ਹਨ। ਖੂਬਸੂਰਤ ਦਿੱਖਣ ਵਾਲਾ ਸ਼ਹਿਰ ਸੰਗਰੂਰ ਇਨੀਂ ਦਿਨੀਂ ਕੂੜੇ ਦੇ ਢੇਰਾਂ ’ਚ ਤਬਦੀਲ ਹੁੰਦਾ ਵਿਖਾਈ ਦੇ ਰਿਹਾ ਹੈ। ਗਿਆਰਾਂ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਸੜਕਾਂ ’ਤੇ ਕਈ ਟਨ ਕੂੜਾ ਇਕੱਠਾ ਹੋ ਗਿਆ ਹੈ। ਸ਼ਹਿਰ ਵਾਸੀ ਅੰਕੁਰ ਕੁਮਾਰ, ਦੀਪਕ ਤੇ ਸੁਨੰਦਾ ਦਾ ਕਹਿਣਾ ਹੈ ਕਿ ਘਰਾਂ ਵਿੱਚੋਂ ਕੂੜਾ ਨਹੀਂ ਲੈ ਜਾਇਆ ਜਾ ਰਿਹਾ। ਇਸ ਕਾਰਨ ਘਰਾਂ ’ਚ ਕਈ ਦਿਨਾਂ ਦਾ ਕੂੜਾ ਇਕੱਠਾ ਹੋਇਆ ਪਿਆ ਹੈ। ਹਾਲਾਤ ਇਹ ਹਨ ਕਿ ਕੂੜਾ ਸੁੱਟਣ ਨੂੰ ਕੋਈ ਥਾਂ ਵੀ ਨਹੀਂ ਬਚੀ। ਥਾਂ-ਥਾਂ ਕੂੜਾ ਖਿੱਲਰਿਆ ਪਿਆ ਹੈ। ਜੇਕਰ ਹਾਲਾਤ ਇਹੀ ਰਹੇ ਤਾਂ ਸ਼ਹਿਰ ਵਾਸੀਆਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਗਲੀਆਂ ਦੀਆਂ ਨਾਲੀਆਂ ਦੀ ਸਫਾਈ ਨਾ ਹੋਣ ਕਾਰਨ ਮੱਛਰਾਂ ਦੀ ਭਰਮਾਰ ਵਧਣ ਲੱਗੀ ਹੈ। ਇਸ ਕਾਰਨ ਡੇਂਗੂ ਤੇ ਮਲੇਰੀਆਂ ਜਿਹੀਆਂ ਬਿਮਾਰੀਆਂ ਲੋਕਾਂ ਨੂੰ ਲੱਗ ਸਕਦੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਫ਼ਾਈ ਸੇਵਕਾਂ ਦੀਆਂ ਜੋ ਵੀ ਮੰਗਾਂ ਹਨ ਉਨ੍ਹਾਂ ਨੂੰ ਛੇਤੀ ਪੂਰਾ ਕੀਤਾ ਜਾਵੇ, ਤਾਂ ਜੋ ਸ਼ਹਿਰਵਾਸੀਆਂ ਨੂੰ ਕੂੜੇ ਦੇ ਢੇਰਾਂ ਤੋਂ ਨਿਜਾਤ ਮਿਲ ਸਕੇ। ਉਧਰ, ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਭਾਰਤ ਬੇਦੀ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਜਰਅੰਦਾਜ ਕਰ ਰਹੀ ਹੈ। ਸਫਾਈ ਸੇਵਕ ਤੇ ਸੀਵਰਮੈਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਪ੍ਰੰਤੂ ਪੰਜਾਬ ਸਰਕਾਰ ਆਪਣੇ ਅੜੀਅਲ ਵਤੀਰੇ ’ਤੇ ਅੜੀ ਹੋਈ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਸ਼ਹਿਰ ’ਚ ਲੱਗੇ ਕੂੜੇ ਦੇ ਢੇਰਾਂ ਤੇ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੇ ਅਫਸੋਸ ਪ੍ਰਗਟਾਉਂਦਿਆਂ ਆਖਿਆ ਕਿ ਸਫਾਈ ਸੇਵਕ ਵੀ ਮਜ਼ਬੂਰ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਫ਼ਾਈ ਕਾਮਿਆਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਨਖਾਹਾਂ ਸਮੇਂ ਸਿਰ ’ਤੇ ਸਰਕਾਰੀ ਖ਼ਜ਼ਾਨੇ ਰਾਹੀਆਂ ਦਿੱਤੀਆਂ ਜਾਣ, ਘੱਟੋਂ ਘੱਟ ਉਜਰਤ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ, ਠੇਕੇਦਾਰੀ ਸਿਸਟਮ ਪੱਕੇ ਤੌਰ ਤੇ ਬੰਦ ਕੀਤਾ ਜਾਵੇ ਅਤੇ ਕੱਚੇ ਮੁਲਾਜ਼ਮ ਦੀ ਮੌਤ ਹੋਣ ਤੇ ਉਸਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ।