ਅਧਿਆਪਕਾਂ ਦਾ ਟਰਾਂਸਫਰ ਪੋਰਟਲ ਖੋਲ੍ਹਣ ਦੀ ਮੰਗ
ਅਧਿਆਪਕਾਂ ਦਾ ਟਰਾਂਸਫਰ ਪੋਰਟਲ ਖੋਲ੍ਹਣ ਦੀ ਮੰਗ
Publish Date: Sun, 26 Apr 2026 03:56 PM (IST)
Updated Date: Mon, 27 Apr 2026 04:02 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਨਵੇਂ ਸੈਸ਼ਨ ਦੇ ਮਹੀਨਾ ਲੰਘ ਜਾਣ ਦੇ ਬਾਵਜੂਦ ਸਿੱਖਿਆ ਵਿਭਾਗ ਵੱਲੋਂ ਅਜੇ ਤੱਕ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਕੋਈ ਦਿਸ਼ਾ-ਨਿਰਦੇਸ਼ ਨਹੀਂ ਦਿੱਤੇ ਗਏ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਤੇ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਅਪ੍ਰੈਲ ਮਹੀਨਾ ਲੰਘ ਜਾਣ ਦੇ ਬਾਵਜੂਦ ਸ਼ੁਰੂ ਨਹੀਂ ਕੀਤੀ ਗਈ। ਇਸ ਨਾਲ ਜਿਥੇ ਬਦਲੀਆਂ ਕਰਵਾਉਣ ਦੇ ਚਾਹਵਾਨ ਅਧਿਆਪਕ ਪਰੇਸ਼ਾਨ ਹਨ ਉਥੇ ਹੀ ਇਹ ਪ੍ਰਕਿਰਿਆ ਸੈਸ਼ਨ ਦੇ ਅੱਧ ਤੱਕ ਚਲੇ ਜਾਣ ਕਾਰਨ ਸਕੂਲਾਂ ਦੇ ਪ੍ਰਬੰਧਨ ਵਿਚ ਵੀ ਸਮੱਸਿਆ ਬਣੇਗੀ। ਉਨ੍ਹਾਂ ਮੰਗ ਕੀਤੀ ਕਿ ਸਾਰੇ ਅਧਿਆਪਕਾਂ ਲਈ ਬਦਲੀ ਕਰਵਾਉਣ ਲਈ ਸਟੇਅ ਦੀ ਸ਼ਰਤ ਘਟਾ ਕੇ ਇਕ ਸਾਲ ਕੀਤੀ ਜਾਵੇ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਪ੍ਰੈੱਸ ਸਕੱਤਰ ਜਸਬੀਰ ਨਮੋਲ, ਜਥੇਬੰਦਕ ਸਕੱਤਰ ਪਵਨ ਕੁਮਾਰ ਤੇ ਵਿੱਤ ਸਕੱਤਰ ਯਾਦਵਿੰਦਰ ਧੂਰੀ ਨੇ ਮੰਗ ਕੀਤੀ ਕਿ ਦੂਰ ਦੁਰਾਡੇ ਬੈਠੇ ਅਧਿਆਪਕਾਂ ਨੂੰ ਰਾਹਤ ਦੇਣ ਲਈ ਆਨਲਾਈਨ ਬਦਲੀਆਂ ਦਾ ਪੋਰਟਲ ਜਲਦੀ ਖੋਲ੍ਹਿਆ ਜਾਵੇ ਤੇ ਸਾਰੇ ਖਾਲੀ ਪਏ ਸਟੇਸ਼ਨ ਬਦਲੀਆਂ ਲਈ ਦਿਖਾਏ ਜਾਣ। ਉਨ੍ਹਾਂ ਕਿਹਾ ਕਿ ਬਦਲੀਆਂ ਸੈਸ਼ਨ ਸ਼ੁਰੂ ਤੋਂ ਪਹਿਲਾਂ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਸਕੂਲਾਂ ’ਚ ਟਾਈਮ ਟੇਬਲ ਬਣਾਉਣ ਦੀ ਦਿੱਕਤ ਨਾ ਆਵੇ। ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਕਿ ਆਪਸੀ ਬਦਲੀ ’ਤੇ ਲਾਈਆਂ ਬੇਲੋੜੀਆਂ ਸ਼ਰਤਾਂ ਨੂੰ ਖ਼ਤਮ ਕੀਤਾ ਜਾਵੇ। ਗੰਭੀਰ ਬਿਮਾਰੀਆਂ ਤੋਂ ਪੀੜਤ ਅਧਿਆਪਕਾਂ ਨੂੰ ਬਦਲੀ ਦਾ ਸਪੈਸ਼ਲ ਮੌਕਾ ਦਿੱਤਾ ਜਾਵੇ। ਘਰਾਂ ਤੋਂ ਦੂਰ ਬੈਠੇ ਅਧਿਆਪਕਾਂ ਨੂੰ ਬਦਲੀ ਪ੍ਰਕਿਰਿਆ ’ਚ ਸਪੈਸ਼ਲ ਰਾਹਤ ਦਿੱਤੀ ਜਾਵੇ।