ਹਲਕੇ ਕੁੱਤੇ ਨੇ 6 ਜਣਿਆਂ ਨੂੰ ਵੱਢਿਆ, ਸਾਰਿਆਂ ਦਾ ਚੱਲ ਰਿਹਾ ਇਲਾਜ
ਹਲਕੇ ਕੁੱਤੇ ਨੇ ਛੇ ਜਣਿਆਂ ਨੂੰ ਵੱਢਿਆ, ਹੁਣ ਹਸਪਤਾਲੋਂ ਕਰਾ ਰਹੇ ਹਨ ਇਲਾਜ
Publish Date: Sun, 26 Apr 2026 03:54 PM (IST)
Updated Date: Mon, 27 Apr 2026 04:02 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਨੇੜਲੇ ਪਿੰਡ ਬੱਲਰਾਂ ਵਿਖੇ ਇੱਕ ਔਰਤ ਸਮੇਤ ਛੇ ਵਿਅਕਤੀਆਂ ਨੂੰ ਇੱਕ ਆਵਾਰਾ ਕੁੱਤੇ ਨੇ ਵੱਢ ਕੇ ਜ਼ਖ਼ਮੀ ਕਰ ਦਿੱਤਾ ਹੈ, ਜਿਨ੍ਹਾਂ ਨੂੰ ਮੂਣਕ ਹਸਪਤਾਲ ਵਿਖੇ ਇਲਾਜ ਕਰਵਾਉਣਾ ਪਿਆ। ਇਸ ਸਮੇਂ ਹਸਪਤਾਲ ’ਚ ਇਲਾਜ ਕਰਵਾਉਣ ਆਏ ਪਿੰਡ ਬੱਲਰਾਂ ਦੇ ਜਗਤਾਰ ਸਿੰਘ, ਸਾਬਕਾ ਪੰਚਾਇਤ ਮੈਂਬਰ ਸੋਨੀ ਸ਼ਰਮਾਂ, ਸੁਖਬੀਰ ਸਿੰਘ, ਚਮਕੌਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਵਿਚ ਇਕ ਆਵਾਰਾ ਕੁੱਤੇ ਦੇ ਹਲਕ ਜਾਣ ਕਾਰਨ ਪਿੰਡ ਵਾਸੀ ਪੂਰੀ ਤਰ੍ਹਾਂ ਡਰੇ ਹੋਏ ਹਨ, ਕਿਉਂਕਿ ਜਿੱਥੇ ਇਸ ਕੁੱਤੇ ਨੇ 6 ਜਣਿਆਂ ਨੂੰ ਵੱਢਿਆ ਹੈ ਉੱਥੇ ਹੋਰਾਂ ਦਾ ਵੀ ਨੁਕਸਾਨ ਕਰ ਸਕਦਾ ਹੈ। ਦੱਸਣਯੋਗ ਹੈ ਕਿ ਇਸ ਹਲਕੇ ਹੋਏ ਕੁੱਤੇ ਨੇ ਪਰਮਜੀਤ ਕੌਰ ਤੇ ਜਗਮੇਲ ਸਿੰਘ ਦੀ ਬਾਂਹ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਹੈ। ਜਸਕਰਨ ਸਿੰਘ, ਦੁਸ਼ਅੰਤ ਸ਼ਰਮਾ ਸਮੇਤ ਅੱਧੀ ਦਰਜਨ ਪੁਰਸ਼ ਤੇ ਔਰਤਾਂ ਇਸ ਕੁੱਤੇ ਦੇ ਰੋਹ ਦਾ ਸ਼ਿਕਾਰ ਹੋਈਆਂ ਹਨ। ਇਸ ਘਟਨਾ ਨੂੰ ਲੈ ਕੇ ਪੂਰੇ ਪਿੰਡ ’ਚ ਸਹਿਮ ਬਣਿਆ ਹੋਇਆ ਹੈ। ਇਸ ਤੋਂ ਚਲਦਿਆਂ ਲੋਕ ਪਸ਼ੂਆਂ ਨੂੰ ਤੇ ਆਪਣੇ ਆਪ ਨੂੰ ਘਰਾਂ ਤੋਂ ਬਾਹਰ ਨਿਕਲਣ ਲੱਗਿਆ ਡਰ ਮਹਿਸੂਸ ਕਰ ਰਹੇ ਹਨ। ਇਸ ਸਬੰਧੀ ਐੱਸਡੀਐੱਮ ਲਹਿਰਾ ਰਾਕੇਸ਼ ਪ੍ਰਕਾਸ਼ ਗਰਗ ਨੇ ਕਿਹਾ ਕਿ ਇਸ ਹਲਕੇ ਹੋਏ ਕੁੱਤੇ ਨੂੰ ਕਾਬੂ ਕਰਨ ਲਈ ਅਸੀਂ ਪਸ਼ੂ ਪਾਲਣ ਵਿਭਾਗ ਨੂੰ ਕਹਿ ਦਿੱਤਾ ਹੈ। ਕੁੱਤਾ ਫੜਨ ਵਾਲੀ ਟੀਮ ਵੱਲੋਂ ਜਲਦੀ ਹੀ ਇਸ ਨੂੰ ਕਾਬੂ ਕਰਕੇ ਪਿੰਡ ਵਾਸੀਆਂ ਨੂੰ ਸਮੱਸਿਆ ਤੋਂ ਨਿਜਾਤ ਦਵਾਈ ਜਾਵੇਗੀ। ਜਦੋਂ ਕਿ ਹੁਣ ਜ਼ਖ਼ਮੀਆਂ ਦਾ ਇਲਾਜ ਸਰਕਾਰੀ ਹਸਪਤਾਲ ਮੂਨਕ ਤੋਂ ਹੋ ਰਿਹਾ ਹੈ ਤੇ ਵਿਭਾਗ ਵੱਲੋਂ ਹਲਕੇ ਹੋਏ ਕੁੱਤੇ ਦੀ ਤਲਾਸ਼ ਜਾਰੀ ਹੈ।