ਕਾਂਗਰਸ ਲੋਕ ਭਲਾਈ ਦੀ ਸੋਚ ਨਾਲ ਕੰਮ ਕਰਦੀ ਹੈ : ਸਿੰਗਲਾ
ਕਾਂਗਰਸ ਲੋਕ ਭਲਾਈ ਦੀ ਸੋਚ ਨਾਲ ਕੰਮ ਕਰਦੀ ਹੈ : ਸਿੰਗਲਾ
Publish Date: Sat, 25 Apr 2026 04:42 PM (IST)
Updated Date: Sun, 26 Apr 2026 04:05 AM (IST)

ਸਿੰਗਲਾ ਨੇ ਕੌਂਸਲ ਚੋਣਾਂ ਸਬੰਧੀ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਕੀਤੀ ਮੀਟਿੰਗ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਆਗਾਮੀ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਦੇ ਸਥਾਨਕ ਆਗੂ, ਬੂਥ ਪੱਧਰ ਦੇ ਵਰਕਰ ਅਤੇ ਯੂਥ ਵਰਕਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਚੋਣ ਤਿਆਰੀਆਂ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਵੱਖ-ਵੱਖ ਵਾਰਡਾਂ ਵਿੱਚ ਪਾਰਟੀ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਪਾਰਟੀ ਲਈ ਕਾਫੀ ਅਹਿਮ ਹਨ ਅਤੇ ਇਹਨਾਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਹਰ ਵਰਕਰ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨਾ ਪਵੇਗਾ। ਉਨ੍ਹਾਂ ਨੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਘਰ-ਘਰ ਜਾ ਕੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਪਾਰਟੀ ਦੇ ਹੱਕ ਵਿੱਚ ਮਾਹੌਲ ਤਿਆਰ ਕਰਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਲੋਕ ਭਲਾਈ ਦੀ ਸੋਚ ਨਾਲ ਕੰਮ ਕਰਦੀ ਆਈ ਹੈ ਅਤੇ ਪਿਛਲੇ ਸਮੇਂ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਰਕਰਾਂ ਨੂੰ ਆਦੇਸ਼ ਦਿੱਤਾ ਕਿ ਉਹ ਪਾਰਟੀ ਦੀਆਂ ਨੀਤੀਆਂ, ਉਪਲਬਧੀਆਂ ਅਤੇ ਭਵਿੱਖ ਦੀ ਯੋਜਨਾਬੰਦੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ। ਮੀਟਿੰਗ ਵਿੱਚ ਚੋਣ ਪ੍ਰਚਾਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸੋਸ਼ਲ ਮੀਡੀਆ ਦੀ ਭੂਮਿਕਾ ਤੇ ਵੀ ਖਾਸ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਬੂਥ ਪੱਧਰ ’ਤੇ ਟੀਮਾਂ ਬਣਾਉਣ, ਹਰ ਵਾਰਡ ਵਿੱਚ ਮਜ਼ਬੂਤ ਢਾਂਚਾ ਤਿਆਰ ਕਰਨ ਅਤੇ ਵਿਰੋਧੀ ਪਾਰਟੀਆਂ ਦੇ ਪ੍ਰਚਾਰ ਦਾ ਜਵਾਬ ਢੰਗ ਤਰੀਕੇ ਨਾਲ ਦੇਣ ਲਈ ਵੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਹਰ ਵਰਕਰ ਆਪਣੀ ਜ਼ਿੰਮੇਵਾਰੀ ਨਿਭਾਏ ਤਾਂ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਦਰਜ ਕਰ ਸਕਦੀ ਹੈ। ਇਸ ਮੌਕੇ ਨਗਰ ਕੌਂਸਲ ਅਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸੁਖਮਹਿੰਦਰਪਾਲ ਸਿੰਘ ਤੂਰ, ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ, ਸਾਬਕਾ ਪ੍ਰਧਾਨ ਨਗਰ ਕੌਂਸਲ ਬਲਵਿੰਦਰ ਪੂਨੀਆ, ਸਾਬਕਾ ਟਰੱਕ ਪ੍ਰਧਾਨ ਰਣਜੀਤ ਸਿੰਘ ਤੂਰ, ਵਰਿੰਦਰ ਮਿੱਤਲ, ਸੀਨੀਅਰ ਆਗੂ ਗੁਰਪ੍ਰੀਤ ਸਿੰਘ ਕੰਧੋਲਾ, ਹਰਵਿੰਦਰ ਕੌਰ, ਸੁਖਵਿੰਦਰ ਲਾਲੀ ਐਮਸੀ, ਗੁਰਤੇਜ ਤੇਜੀ, ਸੰਜੂ ਵਰਮਾ, ਗੁਰਤੇਜ ਸਿੰਘ, ਸੰਜੀਵ ਲਾਲਕਾ ਸਵਰਨ ਸਿੰਘ ਸਾਰੇ ਸਾਬਕਾ ਕੌਂਸਲਰ, ਹਰਪ੍ਰੀਤ ਸਿੰਘ ਬਾਜਵਾ, ਗੋਲਡੀ ਕਾਕੜਾ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਦੀਪ ਸਿੰਘ ਤੂਰ ਸਮੇਤ ਪਾਰਟੀ ਦੇ ਸਮੂਹ ਆਗੂਆਂ ਨੇ ਚੋਣਾਂ ਵਿੱਚ ਪੂਰੀ ਤਨਦੇਹੀ ਨਾਲ ਜੁਟਣ ਦਾ ਸੰਕਲਪ ਲਿਆ।