ਸਮਾਣਾ ਕੌਂਸਲ ਚੋਣ: 3 ਕਾਂਗਰਸੀ ਉਮੀਦਵਾਰਾਂ ਦੇ ਕਾਗਜ਼ ਰੱਦ, 25 ਨਾਮਜਦਗੀਆਂ ਵਾਪਸ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਮਾਣਾ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਜਾਣਕਾਰੀ ਅਨੁਸਾਰ 26 ਮਈ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਕੁੱਲ 136 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ। ਪਰ ਜਾਂਚ ਦੌਰਾਨ 3 ਕਾਂਗਰਸੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਅਤੇ 25 ਹੋਰ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ, ਹੁਣ ਚੋਣ ਮੈਦਾਨ ਵਿੱਚ ਸਿਰਫ਼ 108 ਉਮੀਦਵਾਰ ਹੀ ਰਹਿ ਗਏ ਹਨ। ਇਸ ਸਿਆਸੀ ਉਥਲ-ਪੁਥਲ ਦਰਮਿਆਨ ਵਿਰੋਧੀ ਧਿਰਾਂ ਨੇ ਸੱਤਾਧਾਰੀ 'ਆਮ ਆਦਮੀ ਪਾਰਟੀ' 'ਤੇ ਗੰਭੀਰ ਦੋਸ਼ ਲਗਾਏ ਹਨ। ਵਿਰੋਧੀਆਂ ਦਾ ਕਹਿਣਾ ਹੈ ਕਿ ਸਰਕਾਰੀ ਧੱਕੇਸ਼ਾਹੀ ਦੇ ਡਰ ਕਾਰਨ ਕਈ ਉਮੀਦਵਾਰ ਪਹਿਲਾਂ ਹੀ ਕਾਗਜ਼ ਭਰਨ ਤੋਂ ਪਿੱਛੇ ਹਟ ਗਏ ਸਨ ਅਤੇ ਬਾਅਦ ਵਿੱਚ ਆਜ਼ਾਦ ਖੜ੍ਹੇ ਉਮੀਦਵਾਰਾਂ 'ਤੇ ਸਿਆਸੀ ਦਬਾਅ ਬਣਾ ਕੇ ਉਨ੍ਹਾਂ ਦੇ ਕਾਗਜ਼ ਵਾਪਿਸ ਕਰਵਾਏ ਗਏ। ਡਰ ਕਾਰਨ ਚੋਣ ਮੈਦਾਨ ਵਿੱਚੋਂ ਹਟੇ ਉਮੀਦਵਾਰ ਹੁਣ ਦੂਜੀਆਂ ਪਾਰਟੀਆਂ ਦੇ ਆਪਣੇ ਚਹੇਤੇ ਉਮੀਦਵਾਰਾਂ ਲਈ ਦਿਨ-ਰਾਤ ਘਰ-ਘਰ ਜਾ ਕੇ ਪ੍ਰਚਾਰ ਕਰ ਰਹੇ ਹਨ।
-ਕਾਂਗਰਸੀ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ 'ਤੇ ਤਿੱਖਾ ਰੋਸ
ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਮੰਗਤ ਮਵੀ, ਜੋ ਇਸ ਵਾਰ ਵਾਰਡ ਨੰਬਰ 4 ਤੋਂ ਚੋਣ ਲੜ ਰਹੇ ਸਨ, ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਪ੍ਰੀਤੀ ਰਾਣੀ ਨੇ ਪਿਛਲੀ ਵਾਰ ਇੱਥੋਂ ਚੋਣ ਜਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀਆਂ ਨੇ ਜਨਤਾ ਦਾ ਸਾਹਮਣਾ ਕਰਨ ਦੀ ਹਿੰਮਤ ਨਾ ਹੋਣ ਕਾਰਨ ਦਫ਼ਤਰਾਂ ਵਿੱਚ ਬੈਠ ਕੇ ਸਾਜ਼ਿਸ਼ ਤਹਿਤ ਉਨ੍ਹਾਂ ਦੇ ਕਾਗਜ਼ ਰੱਦ ਕਰਵਾਏ ਹਨ। ਇਹ ਵਾਰਡ ਨੰਬਰ 4 ਦੇ ਵੋਟਰਾਂ ਨਾਲ ਧੋਖਾ ਹੈ ਅਤੇ ਉਹ ਇਨਸਾਫ਼ ਲਈ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਇਸੇ ਤਰ੍ਹਾਂ ਵਾਰਡ ਨੰਬਰ 19 ਤੋਂ ਚਾਰ ਵਾਰ ਦੇ ਕੌਂਸਲਰ ਅਜੀਤ ਰਾਹੀ ਨੇ ਕਿਹਾ ਕਿ ਉਨ੍ਹਾਂ ਦੇ ਕਾਗਜ਼ ਸਿਰਫ਼ ਜਾਤੀ ਸਰਟੀਫਿਕੇਟ ਨਾ ਲੱਗਣ ਕਾਰਨ ਰੱਦ ਕੀਤੇ ਗਏ, ਜਿਸ ਬਾਰੇ ਉਨ੍ਹਾਂ ਨੂੰ ਪਹਿਲਾਂ ਸੂਚਿਤ ਵੀ ਨਹੀਂ ਕੀਤਾ ਗਿਆ। ਵਾਰਡ ਨੰਬਰ 6 ਤੋਂ ਕਾਂਗਰਸੀ ਉਮੀਦਵਾਰ ਦਵਿੰਦਰ ਜੈ ਸਿੰਘ ਦੇ ਕਾਗਜ਼ ਘੱਟ ਟੈਕਸ ਭਰਨ ਅਤੇ ਗਲਤ ਤਰੀਕੇ ਨਾਲ ਐਨ.ਓ.ਸੀ. ਲੈਣ ਦੇ ਬਹਾਨੇ ਰੱਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ।
-ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਵੀ ਧੱਕੇਸ਼ਾਹੀ ਦੇ ਦੋਸ਼
ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਨਗਰ ਕੌਂਸਲ ਦੇ 21 ਵਿੱਚੋਂ 20 ਵਾਰਡਾਂ 'ਤੇ ਚੋਣ ਲੜੀ ਜਾ ਰਹੀ ਹੈ। ਹਲਕਾ ਇੰਚਾਰਜ ਜਗਮੀਤ ਸਿੰਘ ਹਰਿਆਉ ਨੇ ਦੱਸਿਆ ਕਿ ਵਾਰਡ ਨੰਬਰ 15 ਦੀ ਅਕਾਲੀ ਉਮੀਦਵਾਰ ਹਰਪ੍ਰੀਤ ਕੌਰ ਦੇ ਬਿਮਾਰ ਬੱਚੇ ਨੂੰ ਦਵਾਈ ਦਿਵਾਉਣ ਜਾਣ ਸਮੇਂ, ਸੱਤਾਧਾਰੀ ਧਿਰ ਦੇ ਲੋਕਾਂ ਨੇ ਰਸਤੇ ਵਿੱਚੋਂ ਡਰਾ-ਧਮਕਾ ਕੇ ਉਸ ਦੇ ਕਾਗਜ਼ ਵਾਪਿਸ ਕਰਵਾ ਦਿੱਤੇ। ਉਨ੍ਹਾਂ ਕਿਹਾ ਕਿ ਉਹ ਇਸ ਧੱਕੇਸ਼ਾਹੀ ਦਾ ਮੁਕਾਬਲਾ ਕਰਨ ਲਈ 26 ਤਾਰੀਖ ਨੂੰ ਹਰ ਬੂਥ 'ਤੇ ਵਿਸ਼ੇਸ਼ ਟੀਮਾਂ ਤਾਇਨਾਤ ਕਰਨਗੇ। ਦੂਜੇ ਪਾਸੇ, ਬਹੁਜਨ ਸਮਾਜ ਪਾਰਟੀ (ਬਸਪਾ) ਦੇ ਹਲਕਾ ਇੰਚਾਰਜ ਜਰਨੈਲ ਸਿੰਘ ਨੇ ਸਿਰਫ਼ 5 ਉਮੀਦਵਾਰ ਖੜ੍ਹੇ ਕਰਨ 'ਤੇ ਬੋਲਦਿਆਂ ਕਿਹਾ ਕਿ ਸ਼ਹਿਰ ਵਿੱਚ ਡਰ ਅਤੇ ਭੈਅ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਡਰ ਕਾਰਨ ਸਿਰਫ਼ ਚੋਣ ਲੜਨ ਦੇ ਚਾਹਵਾਨ ਮੁੱਖ ਵਰਕਰਾਂ ਨੇ ਹੀ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਸੱਤਾਧਾਰੀ ਧਿਰ ਆਪਣੀ ਸੰਭਾਵੀ ਹਾਰ ਤੋਂ ਬੌਖਲਾ ਕੇ ਅਜਿਹੇ ਹੱਥਕੰਡੇ ਅਪਣਾ ਰਹੀ ਹੈ।