ਨਗਰ ਕੌਂਸਲ ਪਾਤੜਾਂ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਜਾਰੀ
ਨਗਰ ਕੌਂਸਲ ਪਾਤੜਾਂ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ ਜਾਰੀ
Publish Date: Wed, 13 May 2026 04:37 PM (IST)
Updated Date: Wed, 13 May 2026 04:39 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਮਿਊਂਸਪਲ ਸਫ਼ਾਈ ਕਰਮਚਾਰੀ ਫੈਡਰੇਸ਼ਨ ਪੰਜਾਬ ਦੇ ਸੱਦੇ ’ਤੇ ਨਗਰ ਕੌਂਸਲ ਪਾਤੜਾਂ ਦੇ ਸਫ਼ਾਈ ਕਰਮਚਾਰੀਆਂ ਦੀ ਕੰਮ ਛੋੜ ਹੜਤਾਲ 8ਵੇਂ ਦਿਨਾਂ ਜਾਰੀ ਰਹੀ। ਨੌਜਵਾਨ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਰਮਚਾਰੀਆਂ ਦੇ ਰੋਸ ਧਰਨੇ ਵਿਚ ਪਹੁੰਚ ਕੇ ਸਮਰਥਨ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਵੱਡੇ ਵੱਡੇ ਸਬਜ਼ਬਾਗ ਦਿਖਾਏ। ਆਊਟ ਸੋਰਸ ਜਾਂ ਕੰਟਰੈਕਟ ’ਤੇ ਲੱਗੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਸਰਕਾਰ ਨੇ ਕੱਚੇ ਕਾਮਿਆਂ ਨੂੰ ਪੱਕਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਪਾਤੜਾਂ ਦੇ ਸਫਾਈ ਸੇਵਕ, ਸੀਵਰ ਮੈਨ, ਕੰਪਿਊਟਰ ਆਪਰੇਟਰ, ਡਰਾਈਵਰ, ਬੇਲਦਾਰ, ਮਾਲੀ ਆਦਿ 130 ਦੇ ਕਰੀਬ ਕਰਮਚਾਰੀ ਕੰਮ ਕਰਦੇ, ਲੰਬੇ ਅਰਸੇ ਤੋਂ ਜ਼ਿੰਦਗੀ ਬਦਲਣ ਦੀਆਂ ਉਡੀਕਾਂ ਕਰ ਰਹੇ ਹਨ। ਪਰ ਗਰੀਬੀ ਦੀ ਚੱਕੀ ਵਿੱਚ ਪਿਸ ਰਹੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਸਫਾਈ ਕਰਮਚਾਰੀ ਫੈਡਰੇਸ਼ਨ ਦੇ ਪ੍ਰਧਾਨ ਰਵੀ ਕੁਮਾਰ ਅਤੇ ਜ਼ਿਲ੍ਹਾ ਪਟਿਆਲਾ ਸੀਨੀਅਰ ਮੀਤ ਪ੍ਰਧਾਨ ਬਲਵਾਨ ਡੁਲਗਜ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਵਾਈਸ ਪ੍ਰਧਾਨ ਸੁਭਾਸ਼ ਚੰਦ, ਜਗਤਾਰ ਸਿੰਘ, ਕਿਰਪਾਲ ਸਿੰਘ, ਚੇਅਰਮੈਨ ਸੋਮ ਨਾਥ ਆਦਿ ਹਾਜ਼ਰ ਸਨ।