ਪੰਜਾਬੀ ਰੰਗਮੰਚ, ਟੈਲੀਵਿਜ਼ਨ ਅਤੇ ਫ਼ਿਲਮ ਜਗਤ ਦੀ ਨਾਮਵਰ ਹਸਤੀ ਡਾ. ਨਵਨਿੰਦਰਾ ਬਹਿਲ (76) ਸਦੀਵੀ ਵਿਛੋੜਾ ਦੇ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਸਿਹਤ ਸਬੰਧੀ ਮੁਸ਼ਕਲਾਂ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਚਲਾਣੇ ਨਾਲ ਕਲਾ ਪ੍ਰੇਮੀਆਂ ਅਤੇ ਰੰਗਮੰਚ ਨਾਲ ਜੁੜੀਆਂ ਹਸਤੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਰੰਗਮੰਚ, ਟੈਲੀਵਿਜ਼ਨ ਅਤੇ ਫ਼ਿਲਮ ਜਗਤ ਦੀ ਨਾਮਵਰ ਹਸਤੀ ਡਾ. ਨਵਨਿੰਦਰਾ ਬਹਿਲ (76) ਸਦੀਵੀ ਵਿਛੋੜਾ ਦੇ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਸਿਹਤ ਸਬੰਧੀ ਮੁਸ਼ਕਲਾਂ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਚਲਾਣੇ ਨਾਲ ਕਲਾ ਪ੍ਰੇਮੀਆਂ ਅਤੇ ਰੰਗਮੰਚ ਨਾਲ ਜੁੜੀਆਂ ਹਸਤੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਡਾ. ਨਵਨਿੰਦਰਾ ਬਹਿਲ ਨੇ ਆਪਣੀ ਪੂਰੀ ਜ਼ਿੰਦਗੀ ਕਲਾ ਦੇ ਲੇਖੇ ਲਾਈ। ਉਹ ਨਾ ਸਿਰਫ਼ ਇੱਕ ਬਿਹਤਰੀਨ ਅਦਾਕਾਰਾ ਸਨ, ਸਗੋਂ ਇੱਕ ਕੁਸ਼ਲ ਨਿਰਦੇਸ਼ਕ, ਲੇਖਕ ਅਤੇ ਅਕਾਦਮਿਕ ਮਾਹਿਰ ਵਜੋਂ ਵੀ ਉਨ੍ਹਾਂ ਦਾ ਵੱਡਾ ਨਾਮ ਸੀ। ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਵਿੱਚ ਉਨ੍ਹਾਂ ਨੇ ਲੰਮਾ ਸਮਾਂ ਸੇਵਾ ਨਿਭਾਈ। ਉਨ੍ਹਾਂ ਨੇ 'ਨਾਇਕ ਕਥਾ', 'ਆਖਰੀ ਨਾਟਕ', 'ਕੁਮਾਰ ਸੁਆਮੀ' ਅਤੇ 'ਤਪਿਸ਼' ਵਰਗੇ ਕਈ ਚਰਚਿਤ ਨਾਟਕ ਲਿਖੇ। ਉਨ੍ਹਾਂ ਦੇ ਪਹਿਲੇ ਹੀ ਨਾਟਕ ‘ਕੁਮਾਰ ਸੁਆਮੀ’ ਲਈ ਉਨ੍ਹਾਂ ਨੂੰ 1984 ਵਿੱਚ ਸਾਹਿਤ ਕਲਾ ਪਰਿਸ਼ਦ, ਦਿੱਲੀ ਵੱਲੋਂ 'ਸਰਵੋਤਮ ਨਾਟਕਕਾਰ' ਵਜੋਂ ਸਨਮਾਨਿਤ ਕੀਤਾ ਗਿਆ ਸੀ।ਉਨ੍ਹਾਂ ਨੇ ਗੁਲਜ਼ਾਰ ਦੀ ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮ 'ਮਾਚਿਸ' ਸਮੇਤ 'ਓਏ ਲੱਕੀ ਲੱਕੀ ਓਏ', 'ਦਾ ਪ੍ਰਾਈਡ', 'ਕੁਈਨ' ਅਤੇ 'ਵਾਈਟ ਲਾਈਜ਼' ਵਰਗੀਆਂ ਚਰਚਿਤ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। 'ਮਾਚਿਸ' ਵਿੱਚ ਉਨ੍ਹਾਂ ਦੀ ਅਦਾਕਾਰੀ ਲਈ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਈ ਯਾਦਗਾਰੀ ਸੀਰੀਅਲਾਂ ਜਿਵੇਂ 'ਅਫ਼ਸਾਨੇ', 'ਵੋਹ ਲੜਕੀ', 'ਖ਼ਾਨਾਬਦੋਸ਼', 'ਚਿੜੀਆਂ ਕਾ ਚੰਬਾ' ਅਤੇ 'ਰਾਣੀ ਕੋਕਿਲਾ' ਦਾ ਲੇਖਨ ਤੇ ਨਿਰਦੇਸ਼ਨ ਕੀਤਾ। ਟੈਲੀਫ਼ਿਲਮ ‘ਚਿੜੀਆਂ ਕਾ ਚੰਬਾ’ ਲਈ ਉਨ੍ਹਾਂ ਨੂੰ ਇੰਡੋ-ਰਸ਼ੀਅਨ ਵੀਡੀਓ ਫ਼ਿਲਮ ਫੈਸਟੀਵਲ ਵਿੱਚ ਸਰਵੋਤਮ ਪ੍ਰੋਡਿਊਸਰ ਦਾ ਐਵਾਰਡ ਮਿਲਿਆ।ਡਾ. ਬਹਿਲ ਨੇ ਨਾਟਕ ਅਤੇ ਰੰਗਮੰਚ ਵਿਸ਼ੇ 'ਤੇ ਲਗਭਗ 10 ਅਕਾਦਮਿਕ ਪੁਸਤਕਾਂ ਦੀ ਰਚਨਾ ਕੀਤੀ, ਜੋ ਅੱਜ ਵੀ ਵਿਦਿਆਰਥੀਆਂ ਲਈ ਮਾਰਗਦਰਸ਼ਕ ਹਨ। ਉਨ੍ਹਾਂ ਨੇ ਚਿੱਤਰਾ ਮੁਦਗਲ ਦੇ ਹਿੰਦੀ ਨਾਵਲ ‘ਆਵਾ’ ਦਾ ਪੰਜਾਬੀ ਅਨੁਵਾਦ ਵੀ ਕੀਤਾ। ਡਾ. ਨਵਨਿੰਦਰਾ ਬਹਿਲ ਵੱਲੋਂ ਬਲਦੇਵ ਸਿੰਘ ਪਾਲੀਵਾਲ ਦੀ ਕਹਾਣੀ ‘ਕਾਰਗਿਲ’ ਉੱਤੇ ਆਧਾਰਿਤ ਨਾਟਕ ‘ਸਾਡਾ ਜੱਗੋਂ ਸੀਰ ਮੁੱਕਿਆ’ ਦੀ ਪੇਸ਼ਕਾਰੀ ਨੇ ਰਾਸ਼ਟਰੀ ਪੱਧਰ 'ਤੇ ਵੱਡੀ ਛਾਪ ਛੱਡੀ ਸੀ। ਉਨ੍ਹਾਂ ਦਾ ਜਾਣਾ ਪੰਜਾਬੀ ਸਭਿਆਚਾਰ ਅਤੇ ਰੰਗਮੰਚ ਲਈ ਇੱਕ ਨਾ-ਪੂਰਿਆ ਜਾਣ ਵਾਲਾ ਘਾਟਾ ਹੈ।