9 ਮਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਧੂਰੀ ਵਿਖੇ ਰੋਸ ਮਾਰਚ ਦਾ ਐਲਾਨ
9 ਮਈ ਨੂੰ ਮੁੱਖ ਮੰਤਰੀ ਦੇ ਸ਼ਹਿਰ ਧੂਰੀ ਵਿਖੇ ਵਿਸ਼ਾਲ ਰੋਸ ਮਾਰਚ ਦਾ ਐਲਾਨ
Publish Date: Sun, 03 May 2026 04:29 PM (IST)
Updated Date: Sun, 03 May 2026 04:32 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਟੇਟ ਏਡਿਡ ਸਕੂਲ ਟੀਚਰਜ਼ ਐਂਡ ਅਦਰ ਇੰਪਲਾਈਜ਼ ਯੂਨੀਅਨ ਪੰਜਾਬ-1967 ਵੱਲੋਂ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਇਕ ਅਹਿਮ ਨੋਟਿਸ ਜਾਰੀ ਕੀਤਾ ਗਿਆ ਹੈ। ਯੂਨੀਅਨ ਨੇ ਸਰਕਾਰ ਦੇ ਨਕਾਰਾਤਮਕ ਰਵੱਈਏ ਅਤੇ ਲੰਬਿਤ ਪਈਆਂ ਮੰਗਾਂ ਦੇ ਵਿਰੋਧ ਵਿੱਚ 9 ਮਈ 2026 ਨੂੰ ਮੁੱਖ ਮੰਤਰੀ ਦੇ ਚੋਣ ਖੇਤਰ ਧੂਰੀ ਵਿਖੇ ਇਕ ਭਾਰੀ ਰੋਸ ਮੁਜ਼ਾਹਰਾ ਅਤੇ ਰੋਸ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ। ਯੂਨੀਅਨ ਦੇ ਆਗੂਆਂ ਨੇ ਬੜੇ ਅਫ਼ਸੋਸ ਨਾਲ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਏਡਿਡ ਸਟਾਫ ਨੂੰ ਸਰਕਾਰੀ ਕਰਮਚਾਰੀਆਂ ਦੇ ਬਰਾਬਰ ਸਹੂਲਤਾਂ ਦਿੱਤੀਆਂ ਜਾਣਗੀਆਂ, ਪਰ ਅੱਜ ਸਥਿਤੀ ਇਹ ਹੈ ਕਿ ਕਈ ਜ਼ਿਲ੍ਹਿਆਂ ਵਿਚ ਪਿਛਲੇ 11 ਮਹੀਨਿਆਂ ਤੋਂ ਤਨਖਾਹ ਦੀ ਗ੍ਰਾਂਟ ਜਾਰੀ ਨਹੀਂ ਹੋਈ। ਪੂਰੇ ਪੰਜਾਬ ਵਿੱਚ ਜਨਵਰੀ ਤੋਂ ਮਾਰਚ 2026 ਤੱਕ ਦੀ ਗ੍ਰਾਂਟ ਪੈਂਡਿੰਗ ਪਈ ਹੈ, ਜਿਸ ਕਾਰਨ ਕਰਮਚਾਰੀਆਂ ਦੇ ਘਰਾਂ ਵਿਚ ਚੁੱਲ੍ਹੇ ਬਲਣੇ ਵੀ ਮੁਸ਼ਕਿਲ ਹੋ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰੁਕੀਆਂ ਹੋਈਆਂ ਤਨਖਾਹਾਂ: ਜਨਵਰੀ 2026 ਤੋਂ ਅਪ੍ਰੈਲ 2026 ਤੱਕ ਦੀ ਗ੍ਰਾਂਟ ਤੁਰੰਤ ਜਾਰੀ ਕੀਤੀ ਜਾਵੇ। ਨਾਲੋ ਨਾਲ ਸਾਰੇ ਰਿਟਾਇਰ ਹੋਏ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੇ ਪੀ.ਪੀ.ਓ ਵੀ ਤੂਰੰਤ ਜਾਰੀ ਕੀਤੇ ਜਾਣ। ਯੂਨੀਅਨ ਦੇ ਆਗੂਆਂ, ਜਿਨ੍ਹਾਂ ਵਿੱਚ ਕਨਵੀਨਰ ਗੁਰਮੀਤ ਸਿੰਘ ਮਦਨੀਪੁਰ, ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ, ਐਬਿਟ ਮਸੀਹ (ਜਲੰਧਰ), ਅਸ਼ੋਕ ਵਡੇਰਾ (ਫ਼ਿਰੋਜ਼ਪੁਰ) ਅਤੇ ਹਰਦੀਪ ਸਿੰਘ ਢੀਂਡਸਾ (ਰੋਪੜ) ਸ਼ਾਮਲ ਹਨ, ਨੇ ਕਿਹਾ ਕਿ ਜੇਕਰ 9 ਮਈ ਤੋਂ ਪਹਿਲਾਂ ਸਰਕਾਰ ਨੇ ਉਹਨਾਂ ਦੀਆਂ ਗ੍ਰਾਂਟਾਂ ਜਾਰੀ ਨਾ ਕੀਤੀਆਂ ਅਤੇ ਕੋਈ ਸਾਰਥਕ ਹੱਲ ਨਾ ਕੱਢਿਆ, ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਮਹਿਲਾ ਸਟਾਫ ਅਤੇ ਰਿਟਾਇਰਡ ਕਰਮਚਾਰੀ ਧੂਰੀ ਦੀਆਂ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ। ਇਸ ਸੰਘਰਸ਼ ਤੋਂ ਨਿਕਲਣ ਵਾਲੇ ਕਿਸੇ ਵੀ ਸਿੱਟੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।