ਮਾਨਵਤਾ ਦੀ ਸੇਵਾ ’ਚ ਨਰਸਾਂ ਦਾ ਰੋਲ ਅਹਿਮ : ਡਾ. ਅਰਵਿੰਦਪਾਲ
ਮਾਨਵਤਾ ਦੀ ਸੇਵਾ ’ਚ ਨਰਸਾਂ ਦਾ ਰੋਲ ਅਹਿਮ : ਡਾ. ਅਰਵਿੰਦ ਪਾਲ ਸਿੰਘ
Publish Date: Tue, 12 May 2026 05:30 PM (IST)
Updated Date: Tue, 12 May 2026 05:33 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਸਮੂਹ ਨਰਸਾਂ ਵੱਲੋਂ ਕੇਕ ਕੱਟ ਕੇ ‘ਕੌਮਾਂਤਰੀ ਨਰਸ ਦਿਵਸ’ ਮਨਾਇਆ ਗਿਆ। ਪ੍ਰੋਗਰਾਮ ’ਚ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮੂਹ ਨਰਸਾਂ ਨੂੰ ਸੰਬੋਧਨ ਕਰਦਿਆਂ ਡਾ. ਅਰਵਿੰਦ ਪਾਲ ਸਿੰਘ ਨੇ ਕਿਹਾ ਕਿ ਅੱਜ ਦਾ ਦਿਨ ਮਨੁੱਖਤਾ ਦੇ ਉਸ ਸਰੂਪ ਨੂੰ ਸਮਰਪਿਤ ਹੈ, ਜੋ ਬਿਨਾਂ ਕਿਸੇ ਭੇਦ-ਭਾਵ, ਰੰਗ, ਨਸਲ ਜਾਂ ਧਰਮ ਦੇ ਸਿਰਫ਼ ਸੇਵਾ ਭਾਵਨਾ ਨਾਲ ਮਰੀਜ਼ਾਂ ਦੀ ਦੇਖਭਾਲ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਫਲੋਰੈਂਸ ਨਾਈਟਿੰਗਲ ਦੇ ਜਨਮ ਦਿਨ ਦੀ ਯਾਦ ’ਚ ਮਨਾਇਆ ਜਾਂਦਾ ਹੈ ਅਤੇ ਅੱਜ ਵੀ ਉਨ੍ਹਾਂ ਦਾ ਜੀਵਨ ਲੱਖਾਂ ਨਰਸਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਨਰਸਾਂ ਆਪਣੇ ਪਰਿਵਾਰ ਤੇ ਛੋਟੇ ਬੱਚਿਆਂ ਤੋਂ ਦੂਰ ਰਹਿ ਕੇ ਵੀ ਤਨਦੇਹੀ ਨਾਲ ਡਿਊਟੀ ਨਿਭਾਉਂਦਿਆਂ ਮਾਨਵਤਾ ਦੀ ਸੇਵਾ ’ਚ ਅਹਿਮ ਯੋਗਦਾਨ ਪਾ ਰਹੀਆਂ ਹਨ। ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਨੇ ਕਿਹਾ ਕਿ ਹਸਪਤਾਲਾਂ ਦੀ ਕਾਰਜ ਪ੍ਰਣਾਲੀ ’ਚ ਨਰਸਾਂ ਦੀ ਭੂਮਿਕਾ ਰੀੜ੍ਹ ਦੀ ਹੱਡੀ ਵਾਂਗ ਹੁੰਦੀ ਹੈ। ਨਰਸਾਂ ਹਸਪਤਾਲ ਦਾ ਦਿਲ ਹਨ, ਜਿਨ੍ਹਾਂ ਦੀ ਮਿਹਨਤ ਸਦਕਾ ਸਿਹਤ ਪ੍ਰਣਾਲੀ ਸੁਚਾਰੂ ਢੰਗ ਨਾਲ ਚੱਲਦੀ ਹੈ। ਉਨ੍ਹਾਂ ਦੱਸਿਆ ਕਿ ਨਰਸਾਂ ਮੈਡੀਕਲ ਉਪਕਰਨ ਚਲਾਉਣ, ਐਮਰਜੈਂਸੀ ਸਥਿਤੀਆਂ ’ਚ ਤੁਰੰਤ ਫ਼ੈਸਲੇ ਲੈਣ ਅਤੇ ਆਪਰੇਸ਼ਨ ਥੀਏਟਰਾਂ ’ਚ ਮਹੱਤਵਪੂਰਨ ਸਹਿਯੋਗ ਦੇਣ ਦੀ ਸਮਰੱਥਾ ਰੱਖਦੀਆਂ ਹਨ। ਉਨ੍ਹਾਂ ਹਸਪਤਾਲਾਂ ’ਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਵੱਲੋਂ ਕੀਤੀ ਜਾਂਦੀ ਬਦਸਲੂਕੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿ ਅਜਿਹਾ ਮਾਹੌਲ ਸਿਰਜੀਏ ਜਿੱਥੇ ਹਰ ਨਰਸ ਆਪਣੇ ਆਪ ਨੂੰ ਸੁਰੱਖਿਅਤ ਅਤੇ ਸਨਮਾਨਿਤ ਮਹਿਸੂਸ ਕਰੇ। ਇਸ ਮੌਕੇ ਨਰਸਿੰਗ ਸਿਸਟਰ ਪਰਵਿੰਦਰ ਕੌਰ, ਜਸਪਾਲ ਕੌਰ ਅਤੇ ਕੁਲਬੀਰ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਅਮਨਪ੍ਰੀਤ ਸਿੰਘ ਅਤੇ ਫੈਸਿਲਿਟੀ ਮੈਨੇਜਰ ਕੁਲਵਿੰਦਰ ਕੌਰ ਸਮੇਤ ਹਸਪਤਾਲ ਦਾ ਸਮੂਹ ਨਰਸਿੰਗ ਸਟਾਫ਼ ਹਾਜ਼ਰ ਸੀ।