ਪਟਿਆਲਾ 'ਚ ਬੇਖੌਫ਼ ਲੁਟੇਰੇ: ਇੱਕੋ ਦਿਨ ਤਿੰਨ ਥਾਵਾਂ 'ਤੇ ਕੀਤੀ ਲੁੱਟ-ਖੋਹ
ਪਟਿਆਲਾ 'ਚ ਬੇਖੌਫ਼ ਲੁਟੇਰੇ: ਇੱਕੋ ਦਿਨ ਤਿੰਨ ਥਾਵਾਂ 'ਤੇ ਕੀਤੀ ਲੁੱਟ-ਖੋਹ
Publish Date: Wed, 25 Feb 2026 06:34 PM (IST)
Updated Date: Wed, 25 Feb 2026 06:40 PM (IST)

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਡਗਮਗਾ ਰਹੀ ਹੈ। ਸ਼ਹਿਰ ’ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਨੂੰ ਪੁਲਿਸ ਦਾ ਕੋਈ ਖੌਫ ਨਹੀਂ ਰਿਹਾ। ਤਾਜ਼ਾ ਮਾਮਲੇ ਵਿਚ ਬੇਖੌਫ ਲੁਟੇਰਿਆਂ ਨੇ ਇੱਕੋ ਦਿਨ ਵਿਚ ਲਗਾਤਾਰ ਤਿੰਨ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੂਰੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਨ੍ਹਾਂ ਵਾਰਦਾਤਾਂ ਨੇ ਜਿੱਥੇ ਵਪਾਰੀ ਵਰਗ ਨੂੰ ਚਿੰਤਾ ਵਿਚ ਪਾ ਦਿੱਤਾ ਹੈ, ਉੱਥੇ ਹੀ ਪੁਲਿਸ ਦੀ ਚੌਕਸੀ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਵਾਰਦਾਤਾਂ ਹੋਣ ਕਾਰਨ ਪਟਿਆਲਾ ਦੇ ਵਪਾਰੀ ਵਰਗ ਵਿਚ ਭਾਰੀ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸ਼ਹਿਰ ਦੇ ਮੁੱਖ ਮਾਰਗਾਂ ਤੇ ਸਥਿਤ ਪੈਟਰੋਲ ਪੰਪ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਨਾਗਰਿਕ ਕਿਵੇਂ ਸੁਰੱਖਿਅਤ ਮਹਿਸੂਸ ਕਰ ਸਕਦਾ ਹੈ। ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਲੁਟੇਰਿਆਂ ਦੀ ਭਾਲ ਜਾਰੀ ਹੋਣ ਦਾ ਦਾਅਵਾ ਕਰ ਰਹੀ ਹੈ। -ਮਾਲ ਰੋਡ ਪੈਟਰੋਲ ਪੰਪ ਤੇ ਦੋ ਵਾਰ ਹਮਲਾ ਸਭ ਤੋਂ ਪਹਿਲੀ ਵਾਰਦਾਤ ਵੀਰਵਾਰ ਤੜਕ ਸਵੇਰੇ ਕਰੀਬ 4 ਵਜੇ ਮਾਲ ਰੋਡ ’ਤੇ ਸਥਿਤ ਇਕ ਪੈਟਰੋਲ ਪੰਪ ’ਤੇ ਵਾਪਰੀ। ਪੰਪ ਮਾਲਕ ਅਭਿਜੀਤ ਸਿੰਘੀ ਅਨੁਸਾਰ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਪੰਪ ਤੇ ਆਏ। ਇਨ੍ਹਾਂ ’ਚੋਂ ਦੋ ਨੇ ਆਪਣੇ ਮੂੰਹ ਢਕੇ ਹੋਏ ਸਨ। ਸ਼ੁਰੂ ਵਿਚ ਉਨ੍ਹਾਂ ਨੇ ਮੋਟਰਸਾਈਕਲ ਵਿਚ ਤੇਲ ਪੁਆਇਆ, ਪਰ ਜਦੋਂ ਕਰਮਚਾਰੀ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਲੁਟੇਰਿਆਂ ਨੇ ਤੇਜ਼ਧਾਰ ਚਾਕੂ ’ਤੇ ਛੁਰੇ ਕੱਢ ਲਏ। ਕਰਮਚਾਰੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਹ ਉਸ ਕੋਲ ਮੌਜੂਦ ਨਕਦੀ ਖੋਹ ਕੇ ਫਰਾਰ ਹੋ ਗਏ। -ਅੱਧੇ ਘੰਟੇ ਬਆਦ ਮੁੜ ਆਏ ਲੁੱਟਣ ਹੈਰਾਨੀ ਦੀ ਗੱਲ ਇਹ ਰਹੀ ਕਿ ਇਹ ਲੁਟੇਰੇ ਇੰਨੇ ਬੇਖੌਫ਼ ਸਨ ਕਿ ਕਰੀਬ ਅੱਧੇ ਘੰਟੇ ਬਾਅਦ ਉਹ ਦੁਬਾਰਾ ਉਸੇ ਪੰਪ ਤੇ ਆ ਧਮਕੇ। ਇਸ ਵਾਰ ਉਨ੍ਹਾਂ ਨੇ ਫਿਰ ਚਾਕੂ ਦਿਖਾ ਕੇ ਕਰਮਚਾਰੀ ਤੋਂ ਨਗਦੀ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਦੂਜੇ ਕਰਮਚਾਰੀ ਨੇ ਹਿੰਮਤ ਦਿਖਾਉਂਦੇ ਹੋਏ ਲੁਟੇਰਿਆਂ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ। ਘਿਰਦਾ ਦੇਖ ਕੇ ਲੁਟੇਰੇ ਨਗਦੀ ਵਾਲਾ ਬੈਗ ਉੱਥੇ ਹੀ ਸੁੱਟ ਕੇ ਅਤੇ ਚਾਬੀ ਵਾਪਸ ਲੈ ਕੇ ਮੌਕੇ ਤੋਂ ਫਰਾਰ ਹੋ ਗਏ। -ਰੇਲਵੇ ਸਟੇਸ਼ਨ ਅਤੇ ਸਨੌਰੀ ਅੱਡੇ ਕੋਲ ਵੀ ਲੁੱਟ ਮਾਲ ਰੋਡ ਦੀ ਵਾਰਦਾਤ ਤੋਂ ਕੁਝ ਦੇਰ ਬਾਅਦ ਹੀ ਲੁਟੇਰਿਆਂ ਨੇ ਪੁਰਾਣੇ ਬੱਸ ਅੱਡੇ ਤੇ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਨੌਜਵਾਨ ਨੂੰ ਆਪਣਾ ਨਿਸ਼ਾਨਾ ਬਣਾਇਆ। ਦਿਨੇਸ਼ ਵਰਮਾ ਨਾਮੀ ਨੌਜਵਾਨ ਨਾਲ ਹੋਈ ਇਸ ਲੁੱਟ-ਖੋਹ ਦੌਰਾਨ ਵੀ ਲੁਟੇਰੇ ਆਸਾਨੀ ਨਾਲ ਨਿਕਲਣ ਵਿਚ ਕਾਮਯਾਬ ਰਹੇ। ਇਸ ਤੋਂ ਇਲਾਵਾ, ਸਨੌਰੀ ਅੱਡੇ ਕੋਲ ਸਥਿਤ ਇਕ ਹੋਰ ਪੈਟਰੋਲ ਪੰਪ ਤੇ ਵੀ ਇਨ੍ਹਾਂ ਲੁਟੇਰਿਆਂ ਨੇ ਚਾਕੂ ਦੀ ਨੋਕ ਤੇ ਨਕਦੀ ਖੋਹੀ। ਹਾਲਾਂਕਿ, ਸਨੌਰੀ ਅੱਡੇ ਵਾਲੇ ਮਾਮਲੇ ਵਿਚ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਹੋਈ ਹੈ, ਪਰ ਪੁਲਿਸ ਆਪਣੇ ਪੱਧਰ ਤੇ ਜਾਂਚ ਕਰ ਰਹੀ ਹੈ। -ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਉੱਠੇ ਸਵਾਲ ਇਸ ਪੂਰੇ ਘਟਨਾਕ੍ਰਮ ਵਿਚ ਪੁਲਿਸ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿਚ ਹੈ। ਪੰਪ ਮਾਲਕ ਅਭਿਜੀਤ ਸਿੰਘੀ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਤੋਂ ਤੁਰੰਤ ਬਾਅਦ ਵੀਰਵਾਰ ਸਵੇਰੇ ਹੀ 112 ਨੰਬਰ ਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਪਰ ਅਫਸੋਸ ਦੀ ਗੱਲ ਹੈ ਕਿ ਪੁਲਿਸ ਦੀ ਟੀਮ ਅਗਲੇ ਦਿਨ ਸ਼ੁੱਕਰਵਾਰ ਦੁਪਹਿਰ ਨੂੰ ਮੌਕੇ ਤੇ ਪਹੁੰਚੀ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਤੜਕ ਸਵੇਰੇ ਜਦੋਂ ਲੁਟੇਰੇ ਵਾਰਦਾਤਾਂ ਕਰ ਰਹੇ ਸਨ, ਤਾਂ ਕੋਈ ਵੀ ਪੀ.ਸੀ.ਆਰ ਵੈਨ ਨਹੀਂ ਆਈ। ਰੇਲਵੇ ਸਟੇਸ਼ਨ ਵਰਗੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਵੀ ਪੁਲਿਸ ਦੀ ਗੈਰ-ਮੌਜੂਦਗੀ ਚਿੰਤਾ ਦਾ ਵਿਸ਼ਾ ਹੈ। ਘਟਨਾ ਨੂੰ 24 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਲੁਟੇਰੇ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।