ਘਨੌਰ ਜਾਮਾ ਮਸਜਿਦ ਤੇ ਹਸਪਤਾਲ ਵਾਲੀ ਸੜਕ ਦੀ ਹਾਲਤ ਖ਼ਸਤਾ, ਲੋਕ ਪਰੇਸ਼ਾਨ
ਘਨੌਰ ਜਾਮਾ ਮਸਜਿਦ ਤੇ ਹਸਪਤਾਲ ਵਾਲੀ ਸੜਕ ਬੇਹਾਲ, ਲੋਕ ਪਰੇਸ਼ਾਨ
Publish Date: Wed, 13 May 2026 05:43 PM (IST)
Updated Date: Wed, 13 May 2026 05:45 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਹਲਕਾ ਘਨੌਰ ਵਿਚ ਜਾਮਾ ਮਸਜਿਦ ਤੋਂ ਸਬ ਤਹਿਸੀਲ ਦਫ਼ਤਰ ਤੱਕ ਜਾਣ ਵਾਲੀ ਮੁੱਖ ਸੜਕ ਪਿਛਲੇ ਕਈਂ ਮਹੀਨਿਆਂ ਤੋਂ ਖਸਤਾ ਹਾਲ ਵਿਚ ਹੈ, ਜਿਸ ਕਾਰਨ ਆਮ ਲੋਕਾਂ, ਵਿਦਿਆਰਥੀਆਂ ਅਤੇ ਰੋਜ਼ਾਨਾ ਆਵਾਜਾਈ ਕਰਨ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਥਾਂ-ਥਾਂ ਬਣੇ ਖੱਡੇ ਅਤੇ ਟੁੱਟੀ ਹੋਈ ਸੱਤਾ ਕਾਰਨ ਹਾਦਸਿਆਂ ਦਾ ਖਤਰਾ ਵੀ ਲਗਾਤਾਰ ਬਣਿਆ ਹੋਇਆ ਹੈ। ਇਸ ਸਬੰਧੀ ਭਾਜਪਾ ਹਲਕਾ ਇੰਚਾਰਜ ਵਿਕਾਸ ਸ਼ਰਮਾ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਚਾਰ ਸਾਲ ਤੋ ਵੱਧ ਦਾ ਸਮਾਂ ਸਿਰਫ਼ ਗੱਲਾਂ-ਬਾਤਾਂ ਤੇ ਵੱਡੇ-ਵੱਡੇ ਦਾਅਵਿਆਂ ਵਿਚ ਹੀ ਲੰਘਾ ਦਿੱਤੇ ਹਨ, ਜਦਕਿ ਹਕੀਕਤ ਵਿਚ ਘਨੌਰ ਦੀਆਂ ਸੜਕਾਂ ਦਾ ਹਾਲ ਬੇਹਾਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਘਨੌਰ ਦੀ ਸਭ ਤੋਂ ਮਹੱਤਵਪੂਰਨ ਸੜਕਾਂ ’ਚੋਂ ਇੱਕ ਹੈ, ਜਿੱਥੇ ਹਰ ਰੋਜ਼ ਹਜ਼ਾਰਾਂ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ’ਤੇ ਪਟਵਾਰਖਾਨਾ, ਜਾਮਾ ਮਸਜਿਦ, ਗੁਰੂਦੁਆਰਾ ਸਾਹਿਬ, ਗਊਸ਼ਾਲਾ, ਸੁਵਿਧਾ ਕੇਂਦਰ, ਜਲ ਸਪਲਾਈ ਵਿਭਾਗ ਦਾ ਦਫ਼ਤਰ, ਸਰਕਾਰੀ ਹਸਪਤਾਲ, ਨਗਰ ਪੰਚਾਇਤ ਦਫ਼ਤਰ, ਸਬ ਤਹਿਸੀਲ ਤੇ ਯੂਨੀਵਰਸਿਟੀ ਕਾਲਜ ਵਰਗੇ ਅਹਿਮ ਸੰਸਥਾਨ ਸਥਿਤ ਹਨ, ਪਰ ਇਸ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਨੇ ਲੋਕਾਂ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ। ਵਿਕਾਸ ਸ਼ਰਮਾ ਨੇ ਕਿਹਾ ਕਿ ਬਰਸਾਤ ਦੇ ਦਿਨਾਂ ਵਿਚ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ ਹਨ ਅਤੇ ਸੜਕ ’ਤੇ ਪਾਣੀ ਭਰਨ ਕਾਰਨ ਆਵਾਜਾਈ ਲਗਭਗ ਠੱਪ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕ ਟੁੱਟੀਆਂ ਸੜਕਾਂ ਤੇ ਧੂੜ-ਮਿੱਟੀ ਕਾਰਨ ਰੋਜ਼ਾਨਾ ਪਰੇਸ਼ਾਨੀ ਝੱਲ ਰਹੇ ਹਨ, ਪਰ ਸਰਕਾਰ ਵਿਕਾਸ ਦੇ ਝੂਠੇ ਦਾਅਵੇ ਕਰਨ ਵਿਚ ਰੁਝੀ ਹੋਈ ਹੈ। ਜਦੋਂ ਇਸ ਮਾਮਲੇ ਸਬੰਧੀ ਪੀ ਡਬਲਿਊ ਡੀ ਦੇ ਐਸਡੀਓ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਸੜਕ ਦੀ ਮੁਰੰਮਤ ਲਈ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਜਲਦ ਹੀ ਸੜਕ ’ਤੇ ਲੁੱਕ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਹੈ ਕਿ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਇਸ ਸੜਕ ਦੀ ਮੁਰੰਮਤ ਜੰਗੀ ਪੱਧਰ ’ਤੇ ਕਰਵਾਈ ਜਾਵੇ ਤਾਂ ਜੋ ਆਵਾਜਾਈ ਸੁਚਾਰੂ ਹੋ ਸਕੇ।