ਵਧਿਆ ਤਾਪਮਾਨ ਬੇਜ਼ੁਬਾਨ ਪਸ਼ੂ-ਪੰਛੀਆਂ ਦੀ ਲੈ ਰਿਹਾ ਜਾਨ
ਵਧਿਆ ਤਾਪਮਾਨ ਬੇਜ਼ੁਬਾਨ ਪਸ਼ੂ-ਪੰਛੀਆਂ ਦੀ ਲੈ ਰਿਹਾ ਜਾਨ
Publish Date: Thu, 28 May 2026 06:54 PM (IST)
Updated Date: Fri, 29 May 2026 04:12 AM (IST)

ਭੁੱਖ ਅਤੇ ਪਿਆਸ ਨਾਲ ਧਰਤੀ ਤੇ ਡਿੱਗ ਰਹੇ ਪੰਛੀ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮਈ ਮਹੀਨੇ ’ਚ ਪਿਛਲੇ ਇਕ ਹਫ਼ਤੇ ਤੋਂ ਪੈ ਰਹੀ ਭਿਆਨਕ ਗਰਮੀ ਨੇ ਪੂਰੀ ਕਾਇਨਾਤ ਨੂੰ ਤਪਾ ਕੇ ਰੱਖ ਦਿੱਤਾ ਹੈ। ਦਿਨ-ਰਾਤ ਇਸ ਤਰ੍ਹਾਂ ਮਹਿਸੂਸ ਹੋ ਰਹੇ ਹਨ ਜਿਵੇਂ ਕੋਈ ਅੱਗ ਵਾਲੀ ਭੱਠੀ ਚੱਲ ਰਹੀ ਹੋਵੇ। ਨੌਤਪੇ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਤੇ ਵੀਰਵਾਰ ਨੂੰ ਇਸ ਦਾ ਚੌਥਾ ਦਿਨ ਹੈ। ਬੁੱਧਵਾਰ ਨੂੰ ਤਾਪਮਾਨ 40 ਡਿਗਰੀ ਸੈੱਲਸੀਅਸ ਦਰਜ ਕੀਤਾ ਗਿਆ। ਦੁਪਹਿਰ ਸਮੇਂ ਗਰਮ ਹਵਾਵਾਂ ਚੱਲਣ ਕਾਰਨ ਹਰ ਕੋਈ ਘਰਾਂ ’ਚ ਹੀ ਰਹਿਣ ਲਈ ਮਜ਼ਬੂਰ ਹੋ ਗਿਆ। ਵਧਿਆ ਹੋਇਆ ਤਾਪਮਾਨ ਸਿਰਫ ਮਨੁੱਖਾਂ ਲਈ ਹੀ ਨਹੀਂ, ਸਗੋਂ ਪਸ਼ੂ-ਪੰਛੀਆਂ ’ਤੇ ਵੀ ਬੁਰਾ ਅਸਰ ਪਾ ਰਿਹਾ ਹੈ। ਪੰਛੀਆਂ ਨੂੰ ਪੀਣ ਲਈ ਪਾਣੀ ਤੇ ਦਾਣਾ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਦੀਆਂ ਜਾਨਾਂ ਜਾ ਰਹੀਆਂ ਹਨ। ਖੇਤਾਂ ਤੇ ਗਲੀਆਂ ’ਚ ਕਬੂਤਰ, ਚਿੜੀਆਂ ਆਦਿ ਮਰੇ ਹੋਏ ਮਿਲ ਰਹੇ ਹਨ। ਇਨ੍ਹੀ ਦਿਨੀਂ ਦਰੱਖਤਾਂ ਦੀ ਗਿਣਤੀ ਘੱਟ ਹੋਣ ਤੇ ਪਾਣੀ ਦੇ ਸਰੋਤ ਸੀਮਿਤ ਰਹਿਣ ਕਾਰਨ ਉਨ੍ਹਾਂ ਨੂੰ ਆਰਾਮ ਨਹੀਂ ਮਿਲ ਪਾ ਰਿਹਾ। ਦੁਪਹਿਰ ਸਮੇਂ ਲੰਮੀ ਉਡਾਣ ਭਰਨ ਦੌਰਾਨ ਪੰਛੀ ਅਚਾਨਕ ਹੇਠਾਂ ਡਿੱਗ ਪੈਂਦੇ ਹਨ ਤੇ ਖੇਤਾਂ ’ਚ ਸੁੱਕੀ ਤੇ ਤਪਦੀ ਧਰਤੀ ਉੱਤੇ ਤੜਪ-ਤੜਪ ਕੇ ਮਰ ਜਾਂਦੇ ਹਨ। ਵੀਰਵਾ ਨੂੰ ਵੀ ਸੰਗਰੂਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰ ਸੁੰਨੇ ਨਜ਼ਰ ਆਏ। ਲੋਕ, ਖਾਸ ਕਰਕੇ ਬੱਚੇ, ਬਜ਼ੁਰਗ ਤੇ ਮਹਿਲਾਵਾਂ, ਸਿਰ ’ਤੇ ਚੁੰਨੀ ਜਾਂ ਕੱਪੜਾ ਰੱਖ ਕੇ ਆਪਣੇ ਆਪ ਨੂੰ ਧੁੱਪ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਗਰਮ ਹਵਾਵਾਂ ਦੇ ਝੋਕੇ ਉਨ੍ਹਾਂ ਨੂੰ ਝੁਲਸਾ ਰਹੇ ਸਨ। ਘਰਾਂ ਤੇ ਛੱਤਾਂ ਤੇ ਪਸ਼ੂ-ਪੰਛੀਆਂ ਲਈ ਪਾਣੀ ਰੱਖੋ ਸ਼ਹਿਰ ਦੇ ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਰੋਸ਼ਨ ਗਰਗ ਨੇ ਕਿਹਾ ਕਿ ਗਰਮੀ ਦੇ ਦਿਨ ਚੱਲ ਰਹੇ ਹਨ ਅਤੇ ਤਾਪਮਾਨ ਚਰਮ ਸੀਮਾ ‘ਤੇ ਹੈ। ਹਰ ਜੀਵ ਗਰਮੀ ਤੋਂ ਰਾਹਤ ਲਈ ਪਾਣੀ ਦੀ ਭਾਲ ਕਰਦਾ ਹੈ। ਅਜਿਹੇ ਵਿੱਚ ਬੇਜ਼ੁਬਾਨ ਪਸ਼ੂਆਂ ਅਤੇ ਪੰਛੀਆਂ ਲਈ ਛੱਤਾਂ ਉੱਤੇ ਠੰਢਾ ਪਾਣੀ ਅਤੇ ਦਾਣਾ ਰੱਖਣਾ ਚਾਹੀਦਾ ਹੈ। ਘਰਾਂ ਵਿੱਚ ਪਾਲਤੂ ਜਾਨਵਰਾਂ ਲਈ ਛਾਂ ਅਤੇ ਪੱਖਿਆਂ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ। ਵੱਧੋ ਵੱਧ ਬੂਟੇ ਲਾਉਣ ਦੀ ਲੋੜ ਪਿੰਡਾਂ, ਕਸਬਿਆਂ, ਸਾਂਝੀਆਂ ਥਾਵਾਂ, ਖੇਤਾਂ ਅਤੇ ਸ਼ਹਿਰਾਂ ਵਿੱਚ ਦਰੱਖਤਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਹਾਲਾਂਕਿ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਕੰਮ ਕੀਤਾ ਜਾ ਰਿਹਾ ਹੈ, ਪਰ ਪੌਦੇ ਲਾਉਣ ਤੋਂ ਬਾਅਦ ਉਨ੍ਹਾਂ ਦੀ ਸੰਭਾਲ ਢੰਗ ਨਾਲ ਨਹੀਂ ਹੁੰਦੀ ਅਤੇ ਬਿਨਾਂ ਦੇਖਭਾਲ ਦੇ ਪੌਦੇ ਸੁੱਕ ਜਾਂਦੇ ਹਨ। ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਹਰ ਨਾਗਰਿਕ ਨੂੰ ਘੱਟੋ-ਘੱਟ ਪੰਜ ਛਾਂਦਾਰ ਅਤੇ ਫਲਦਾਰ ਪੌਦੇ ਲਾਉਣੇ ਚਾਹੀਦੇ ਹਨ। ਖੇਤਾਂ ਕੋਲ ਲਾਈ ਜਾ ਰਹੀ ਅੱਗ, ਫੂਕੇ ਜਾ ਰਹੇ ਦਰਖੱਤ ਨੇੜ੍ਹਲੇ ਪਿੰਡਾਂ ਦੇ ਖੇਤਾਂ ਵਿੱਚ ਸੜਕ ਕਿਨਾਰੇ ਅੱਗ ਲਾਈ ਜਾ ਰਹੀ ਹੈ। ਜੋ ਨਾ ਸਿਰਫ ਚਾਰੇ ਪਾਸੇ ਦਾ ਤਾਪਮਾਨ ਹੋਰ ਵਧਾ ਰਿਹਾ ਹੈ, ਬਲਕਿ ਸੜਕਾਂ ਕਿਨਾਰੇ ਲੱਗੇ ਦਰਖਤਾਂ ਨੂੰ ਵੀ ਅੱਗ ਲੱਗਣ ਕਾਰਨ ਨੁਕਸਾਨ ਪੁੱਜ ਰਿਹਾ ਹੈ। ਇਸਦੇ ਨਾਲ ਹੀ ਸੜਕ ਤੋ ਲੰਘਦੇ ਰਾਹਗੀਰਾਂ ਲਈ ਵੀ ਇਹ ਲਾਈ ਅੱਗ ਕਿਸੇ ਵੇਲੇ ਵੀ ਮੁਸੀਬਤ ਖੜੀ ਕਰਕੇ ਉਨ੍ਹਾਂ ਲਈ ਜਾਨ ਦਾ ਖਤਰਾ ਬਣ ਸਕਦੀ ਹੈ। ਇਸ ਪਾਸੇ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਧਿਆਨ ਦੇਣ ਦੀ ਸਖਤ ਲੋੜ ਹੈ।