ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸੀਐੱਮ ਦੇ ਨਾਂ ਦਿੱਤਾ ਮੰਗ ਪੱਤਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ
Publish Date: Sat, 28 Mar 2026 06:24 PM (IST)
Updated Date: Sat, 28 Mar 2026 06:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਹਿੰਦ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੈਲੀ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਟੀਮ ਨੇ ਐੱਸਡੀਐੱਮ ਨੂੰ ਭਗਵੰਤ ਸਿੰਘ ਮਾਨ ਦੇ ਨਾਂ ਛੇ ਮੰਗਾਂ ਵਾਲਾ ਮੰਗ ਪੱਤਰ ਸੌਂਪਿਆ ਹੈ। ਮੰਗ ਪੱਤਰ ਵਿਚ ਪਹਿਲੀ ਮੰਗ ਤਿੰਨ ਸਾਲ ਤੋਂ ਮੋਹਾਲੀ ਦੀ ਹੱਦ ਉੱਤੇ ਲੱਗੇ ਕੌਮੀ ਇਨਸਾਫ਼ ਮੋਰਚੇ ਬਾਰੇ ਹੈ। ਇਹ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਿਹਾ ਹੈ ਅਤੇ ਯੂਨੀਅਨ ਨੇ ਇਸ ਨੂੰ ਤੁਰੰਤ ਖਤਮ ਕਰਨ ਲਈ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ ਹੈ। ਦੂਜੀ ਮੰਗ ਵਿਚ ਭਗਵੰਤ ਮਾਨ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਦਿੱਤੇ ਗਏ ਵਾਅਦੇ ਅਨੁਸਾਰ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਗਈ ਹੈ। ਤੀਜੀ ਮੰਗ ਵਿਚ ਪੰਜਾਬ ਵਿਚ ਵਧਦੇ ਚਿੱਟੇ ਦੇ ਕਹਿਰ ’ਤੇ ਰੋਕ ਲਗਾਉਣ ਲਈ ਸਰਕਾਰ ਨੂੰ ਤੁਰੰਤ ਠੋਸ ਕਦਮ ਚੁੱਕਣ ਲਈ ਕਿਹਾ ਗਿਆ ਹੈ। ਚੌਥੀ ਅਤੇ ਪੰਜਵੀਂ ਮੰਗ ਵਿਚ ਨਸ਼ਿਆਂ ਦੀ ਪੂਰਤੀ ਲਈ ਕਿਸਾਨਾਂ ਦੇ ਖੇਤਾਂ ਵਿਚ ਚੋਰੀਆਂ, ਪਸ਼ੂਆਂ ਦੀਆਂ ਚੋਰੀਆਂ ਤੇ ਰਸਤਿਆਂ ਵਿਚ ਵਧਦੀਆਂ ਲੁੱਟਾਂ-ਖੋਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਸਖਤ ਆਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਛੇਵੀਂ ਮੰਗ ਵਿਚ ਵੱਖ-ਵੱਖ ਅਦਾਰਿਆਂ ਵਿਚ ਵਧਦੀ ਰਿਸ਼ਵਤਖੋਰੀ ਖਤਮ ਕਰਨ ਲਈ ਤੁਰੰਤ ਹੱਲ ਕੱਢਣ ਦੀ ਗੱਲ ਕੀਤੀ ਗਈ ਹੈ। ਮੰਗ ਪੱਤਰ ਸੌਂਪਣ ਸਮੇਂ ਸੂਬਾ ਮੀਤ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ, ਪ੍ਰੈੱਸ ਸਕੱਤਰ ਹਰਿੰਦਰ ਸਿੰਘ ਚਨਾਰਥਲ, ਸੂਬਾ ਖਜ਼ਾਨਚੀ ਰਣਜੀਤ ਸਿੰਘ ਚਨਾਰਥਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਨੌਲੱਖਾ, ਮੀਤ ਪ੍ਰਧਾਨ ਨਿਰਮਲ ਸਿੰਘ ਰੁੜਕੀ, ਜਨਰਲ ਸਕੱਤਰ ਜਸਵੀਰ ਸਿੰਘ ਚਨਾਰਥਲ, ਜ਼ਿਲ੍ਹਾ ਖਜ਼ਾਨਚੀ ਬਲਦੀਪ ਸਿੰਘ ਬਧੌਛੀ, ਜ਼ਿਲ੍ਹਾ ਜਥੇਬੰਦੀਕ ਗੋਲੂ ਪੰਜੌਲੀ, ਬਲਾਕ ਪ੍ਰਧਾਨ ਜਸਪਾਲ ਸਿੰਘ ਲਟੌਰ, ਗੁਰਜੀਤ ਸਿੰਘ ਧਤੌਦਾ, ਗੁਰਦੀਪ ਸਿੰਘ ਸਰਹਿੰਦ ਅਤੇ ਗੁਰਦੀਪ ਸਿੰਘ ਪੰਜੌਲੀ ਮੌਜੂਦ ਸਨ।