ਅੱਪਡੇਟ)------11 ਦਿਨ ਬਾਅਦ ਹੋਇਆ ਜਗਰੂਪ ਦਾ ਪੋਸਟਮਾਰਟਮ
ਨੋਟ ਫਾਈਲ 32 ਨੂੰ ਰੱਦ ਕਰਕੇ ਇਸਨੂੰ ਲਗਾਇਆ ਜਾਵੇ ਜੀ।
Publish Date: Fri, 08 May 2026 07:20 PM (IST)
Updated Date: Sat, 09 May 2026 04:12 AM (IST)

* ਨਗਰ ਕੌਂਸਲ ਰਾਜਪੁਰਾ ਨੇ ਕੀਤਾ ਸਸਕਾਰ * ਵਾਰਸਾਂ ਤੇ ਪਿੰਡ ਵਾਸੀਆਂ ਨੇ ਲਾਸ਼ ਲੈਣ ਤੋਂ ਕੀਤਾ ਸੀ ਇਨਕਾਰ ਫੋਟੋ 08ਪੀਟੀਐੱਲ ਕਰਮਵੀਰ ਸਿੰਘ ਮਰਦਾਂਪੁਰ, •ਪੰਜਾਬੀ ਜਾਗਰਣ, •ਘਨੌਰ : ਸ਼ੰਭੂ ਰੇਲਵੇ ਲਾਈਨ ’ਤੇ 27 ਅਪ੍ਰੈਲ ਨੂੰ ਹੋਏ ਧਮਾਕੇ ’ਚ ਮਾਰੇ ਗਏ ਜਗਰੂਪ ਸਿੰਘ ਦਾ ਆਖ਼ਰਕਾਰ 11 ਦਿਨਾਂ ਬਾਅਦ ਪੋਸਟਮਾਰਟਮ ਕਰ ਦਿੱਤਾ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਲੈਣ ਤੋਂ ਇਨਕਾਰ ਕਰਨ ਮਗਰੋਂ ਜਗਰੂਪ ਸਿੰਘ ਦਾ ਸਸਕਾਰ ਨਗਰ ਕੌਂਸਲ ਰਾਜਪੁਰਾ ਵੱਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਮਾਮਲਾ ਪ੍ਰਸ਼ਾਸਨਿਕ ਤੇ ਕਾਨੂੰਨੀ ਉਲਝਣਾਂ ਕਾਰਨ ਅਟਕਿਆ ਹੋਇਆ ਸੀ, ਜਿਸ ਕਾਰਨ ਮ੍ਰਿਤਕ ਦੀ ਦੇਹ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਪਈ ਹੋਈ ਸੀ। ਏਪੀ ਜੈਨ ਸਰਕਾਰੀ ਸਿਵਲ ਹਸਪਤਾਲ ਦੇ ਈਐੱਮਓ ਡਾ. ਜਤਿੰਦਰਬੀਰ ਕੌਰ ਨੇ ਦੱਸਿਆ ਕਿ ਬੰਬ ਧਮਾਕੇ ’ਚ ਮਾਰੇ ਗਏ ਜਗਰੂਪ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰ ਕੇ ਲਾਸ਼ ਨਗਰ ਕੌਂਸਲ ਰਾਜਪੁਰਾ ਦੇ ਸਬੰਧਤ ਅਧਿਕਾਰੀਆਂ ਹਵਾਲੇ ਕਰ ਦਿੱਤੀ ਗਈ ਹੈ। ਇਸ ਸਬੰਧੀ ਨਗਰ ਕੌਂਸਲ ਰਾਜਪੁਰਾ ਦੇ ਅਧਿਕਾਰੀ ਵਿਕਾਸ ਚੌਧਰੀ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਵਾਰਸਾਂ ਤੇ ਪਿੰਡ ਵਾਸੀਆਂ ਵੱਲੋਂ ਲਿਜਾਣ ਤੋਂ ਇਨਕਾਰ ਕਰਨ ਕਾਰਨ ਹੁਣ ਲਾਸ਼ ਦਾ ਅੰਤਿਮ ਸੰਸਕਾਰ ਨਗਰ ਕੌਂਸਲ ਰਾਜਪੁਰਾ ਵੱਲੋਂ ਕੀਤਾ ਗਿਆ ਹੈ। ਜੀਆਰਪੀ ਰੇਲਵੇ ਸ਼ੰਭੂ ਦੇ ਅਧਿਕਾਰੀਆਂ ਵੱਲੋਂ ਨਗਰ ਕੌਂਸਲ ਨੂੰ ਇਤਲਾਹ ਦਿੱਤੀ ਗਈ ਸੀ ਕਿ 28 ਅਪ੍ਰੈਲ ਤੋਂ ਮ੍ਰਿਤਕ ਦੀ ਲਾਸ਼ ਰਾਜਪੁਰਾ ਦੇ ਮੁਰਦਾਘਰ ’ਚ ਪਈ ਹੋਈ ਹੈ। ਮੈਡੀਕਲ ਬੋਰਡ ਤੇ ਲੋੜੀਂਦੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਹੁਣ ਪੋਸਟਮਾਰਟਮ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਤੇ ਮ੍ਰਿਤਕ ਦਾ ਸਸਕਾਰ ਕੀਤਾ ਗਿਆ।