ਰੰਗਮੰਚ ਸਿਰਫ਼ ਕਲਾ ਨਹੀਂ, ਬਲਕਿ ਲੋਕ ਚੇਤਨਾ ਦਾ ਵਾਹਕ : ਡਾ. ਜਗਦੀਪ ਸਿੰਘ
ਰੰਗਮੰਚ ਸਿਰਫ਼ ਕਲਾ ਨਹੀਂ ਬਲਕਿ ਲੋਕ ਚੇਤਨਾ ਦਾ ਵੀ ਵਾਹਕ ਹੈ: ਡਾ. ਜਗਦੀਪ ਸਿੰਘ
Publish Date: Sat, 28 Mar 2026 04:53 PM (IST)
Updated Date: Sat, 28 Mar 2026 04:56 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਰੰਗਮੰਚ ਅਤੇ ਫਿਲਮ ਪ੍ਰੋਡਕਸ਼ਨ ਵਿਭਾਗ ਅਤੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਵੱਖ-ਵੱਖ ਸਮਾਗਮ ਕਰਵਾਏ ਗਏ। ਵਿਸ਼ਵ ਰੰਗਮੰਚ ਦਿਵਸ ਦੇ ਇਹ ਸਮਾਗਮ ਪਿਛਲੇ ਦਿਨੀਂ ਦੁਨੀਆ ਤੋਂ ਰੁਖ਼ਸਤ ਹੋਏ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਰੰਗਮੰਚ ਦੀ ਵੱਡੀ ਹਸਤੀ ਡਾ. ਨਵਨਿੰਦਰਾ ਬਹਿਲ ਨੂੰ ਸਮਰਪਿਤ ਕੀਤੇ ਗਏ। ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਇਨ੍ਹਾਂ ਸਮਾਗਮਾਂ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਆਪਣੇ ਸਥਾਪਨਾ ਸਮੇਂ ਤੋਂ ਹੀ ਰੰਗਮੰਚੀ ਸਰਗਰਮੀਆਂ ਨਾਲ ਜੁੜੀ ਹੋਈ ਹੈ। ਇਸ ਨੇ ਪੰਜਾਬੀ ਦੇ ਵੱਡੇ ਨਾਟਕਕਾਰ ਅਤੇ ਰੰਗਕਰਮੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਰੰਗਮੰਚ ਸਿਰਫ ਕਲਾ ਨਹੀਂ ਬਲਕਿ ਲੋਕ ਚੇਤਨਾ ਦਾ ਵੀ ਵਾਹਕ ਹੈ। ਕਰਵਾਏ ਗਏ ਸਮਾਗਮਾਂ ਦੀ ਲੜੀ ਵਿੱਚ ਉੱਘੇ ਨਾਟਕਕਾਰ ਬਲਵਿੰਦਰ ਬੁੱਲਟ ਦੇ ਨਾਟਕ ‘ਬਾਰਾ ਸਿੰਗਾ ਮੋਰ’ ਦਾ ਨਾਟ ਪਾਠ ਕਰਵਾਇਆ ਅਤੇ ਇਸ ’ਤੇ ਚਰਚਾ ਕਰਵਾਈ ਗਈ। ਇਸ ਮੌਕੇ ਬਲਵਿੰਦਰ ਬੁਲਟ ਦੇ ਨਾਟਕ ਬਾਰੇ ਹੋਈ ਚਰਚਾ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਡਾ. ਰਜਿੰਦਰ ਲਹਿਰੀ ਨੇ ਕਿਹਾ ਕਿ ਬੁਲਟ ਦਾ ਨਾਟਕ ਲੋਕ ਕਹਾਣੀਆਂ ਦੇ ਮੈਟਾਫਰ ਰਾਹੀਂ ਆਧੁਨਿਕ ਸਥਿਤੀਆਂ ਤੇ ਚੋਟ ਕਰਦਾ ਹੈ। ਨਾਟਕ ਦਾ ਥੀਮਕ ਪਸਾਰ ਬਹੁਤ ਮੁੱਲਵਾਨ ਹੈ, ਜੋ ਸਮਕਾਲ ਲਈ ਢੁਕਦਾ ਹੈ। ਰੰਗਮੰਚ ਅਤੇ ਫਿਲਮ ਪ੍ਰੋਡਕਸ਼ਨ ਵਿਭਾਗ ਦੇ ਮੁਖੀ ਡਾ. ਜਸਪਾਲ ਕੌਰ ਦਿਓਲ ਨੇ ਸਵਾਗਤੀ ਸ਼ਬਦਾਂ ਦੌਰਾਨ ਕਿਹਾ ਕਿ ਰੰਗਮੰਚ ਬੰਦੇ ਨੂੰ ਕਲਾਤਮਕ ਪੱਧਰ ’ਤੇ ਹੀ ਅਮੀਰ ਨਹੀਂ ਕਰਦਾ, ਬਲਕਿ ਉਸ ਦੀ ਸ਼ਖ਼ਸੀਅਤ ਨੂੰ ਚਾਰੇ ਕੰਨੀਆਂ ਤੋਂ ਸੰਵਾਰਦਾ ਹੈ। ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ ਨੇ ਕਿਹਾ ਕਿ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਸਫਰ ਇੱਕ ਸਦੀ ਤੋਂ ਵਧੇਰੇ ਹੋ ਚੁੱਕਾ ਹੈ ਤੇ ਇਸ ਨੇ ਪੰਜਾਬੀ ਸਮਾਜ ਨੂੰ ਸੇਧ ਦੇਣ ਵਿੱਚ ਗੌਲਣਯੋਗ ਭੂਮਿਕਾ ਨਿਭਾਈ ਹੈ। ਕਲਾ ਭਵਨ ਵਿੱਚ ਇਨਵਾਇਟੀ ਬੈਨਕੁਇਟ ਦੇ ਸਹਿਯੋਗ ਨਾਲ ਰੱਖੇ ਗਏ ਉੱਘੇ ਫਿਲਮਕਾਰ ਜਰਨੈਲ ਸਿੰਘ ਦੇ ਵਿਸ਼ੇਸ਼ ਸ਼ੋਅ ਵਿੱਚ ਜਰਨੈਲ ਸਿੰਘ ਨੇ ਪੰਜਾਬ ਦੀ ਵਿਰਾਸਤ ‘ਲੋਕ ਬੁਝਾਰਤਾਂ’ ਦੀ ਜੁਗਤ ਰਾਹੀਂ ਨੈਤਿਕ ਸਿੱਖਿਆ ਉੱਤੇ ਜ਼ੋਰ ਦਿੱਤ। ਸ਼ੋਅ ਦਾ ਮੁੱਖ ਥੀਮ ਇਸ ਗੱਲ ਉੱਤੇ ਕੇਂਦਰਿਤ ਰਿਹਾ ਕਿ ਆਧੁਨਿਕ ਸਮਾਜ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਨਹੀਂ ਰਹੀ। ਪਦਾਰਥਵਾਦੀ ਸੋਚ ਅਤੇ ਇਕਹਿਰੇ ਪਰਿਵਾਰਿਕ ਢਾਂਚੇ ਨੇ ਭਾਈਚਾਰਕ ਸਾਂਝ ਨੂੰ ਖੋਰਾ ਲਾਇਆ ਹੈ। ਤਕਨੀਕ ਦੇ ਇਸ ਦੌਰ ਵਿੱਚ ਆਪਣੇ ਮੂਲ ਨਾਲ ਜੁੜੇ ਰਹਿਣਾ ਵਧੇਰੇ ਜ਼ਰੂਰੀ ਹੈ। ਇਸ ਮੌਕੇ ਡਾ. ਰਿਤੂ ਲਹਿਲ, ਡੀਨ ਖੋਜ ਡਾ. ਸੁਨੀਤਾ ਧੀਰ, ਡਾ. ਗੁਰਚਰਨ, ਡਾ. ਕੁਲਪਿੰਦਰ ਸ਼ਰਮਾ ਆਦਿ ਹਾਜ਼ਰ ਸਨ।