ਪੰਜਾਬ ’ਚ ਧਮਾਕਿਆਂ ਦੀਆਂ ਤਾਜ਼ਾ ਘਟਨਾਵਾਂ ਨਾਲ ਲੋਕਾਂ ’ਚ ਡਰ : ਵਿਰਕ
ਪੰਜਾਬ ਵਿੱਚ ਧਮਾਕਿਆਂ ਦੀਆਂ ਤਾਜ਼ਾ ਘਟਨਾਵਾਂ ਨਾਲ ਲੋਕਾਂ ਵਿੱਚ ਡਰ: ਰਾਜਿੰਦਰ ਸਿੰਘ ਵਿਰਕ
Publish Date: Sun, 10 May 2026 04:29 PM (IST)
Updated Date: Sun, 10 May 2026 04:33 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਸਨੌਰ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਵਿਰਕ ਨੇ ਪੰਜਾਬ ਵਿਚ ਹਾਲ ਹੀ ਵਿਚ ਵਾਪਰੀਆਂ ਧਮਾਕਿਆਂ ਦੀਆਂ ਘਟਨਾਵਾਂ ’ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਕਿ ਸੂਬੇ ਦੀ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ ਬਣਦੀ ਜਾ ਰਹੀ ਹੈ। ਵਿਰਕ ਨੇ ਕਿਹਾ ਕਿ 5 ਮਈ ਦੀ ਰਾਤ ਜਲੰਧਰ ਵਿਚ ਬੀਐਸਐਫ ਪੰਜਾਬ ਫਰੰਟੀਅਰ ਮੁੱਖ ਦਫ਼ਤਰ ਦੇ ਨੇਡ਼ੇ ਅਤੇ ਅੰਮ੍ਰਿਤਸਰ ਦੇ ਖਾਸਾ ਕੈਂਟ ਇਲਾਕੇ ਕੋਲ ਘੱਟ ਤੀਬਰਤਾ ਵਾਲੇ ਧਮਾਕੇ ਹੋਏ। ਇਨ੍ਹਾਂ ਘਟਨਾਵਾਂ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ ਐਨਆਈਏ, ਫ਼ੋਰੈਂਸਿਕ ਟੀਮਾਂ ਅਤੇ ਪੰਜਾਬ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਆਈਈਡੀ ਵਰਤੇ ਜਾਣ ਦੇ ਸੰਕੇਤ ਮਿਲੇ ਹਨ ਅਤੇ ਪਾਕਿਸਤਾਨ ਦੀ ਆਈ ਐਸ ਆਈ ਦੇ ਤੌਰ ਤੇ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਗਏ ਬਿਆਨ ਵਿਚ ਇਨ੍ਹਾਂ ਘਟਨਾਵਾਂ ਨੂੰ ਰਾਜਨੀਤਿਕ ਸਾਜ਼ਿਸ਼ ਨਾਲ ਜੋਡ਼ਿਆ ਗਿਆ। ਵੱਖ-ਵੱਖ ਪੱਧਰਾਂ ਤੋਂ ਆ ਰਹੇ ਵਿਰੋਧ ਭਰੇ ਬਿਆਨਾਂ ਨੇ ਲੋਕਾਂ ਵਿਚ ਚਿੰਤਾ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਅਤੇ ਪੰਜਾਬ ਪੁਲਿਸ ਦੇ ਸਭ ਤੋਂ ਉੱਚੇ ਅਧਿਕਾਰੀ ਦੇ ਬਿਆਨਾਂ ਵਿਚ ਇੱਕਸਾਰਤਾ ਨਹੀਂ ਹੁੰਦੀ, ਤਾਂ ਆਮ ਲੋਕਾਂ ਦਾ ਸਰਕਾਰ ’ਤੇ ਭਰੋਸਾ ਡੋਲਣਾ ਸੁਭਾਵਿਕ ਹੈ। ਇਹ ਸਥਿਤੀ ਬਹੁਤ ਹੀ ਗੰਭੀਰ ਹੈ ਅਤੇ ਪੰਜਾਬ ਦੀ ਅਮਨ-ਸ਼ਾਂਤੀ ਲਈ ਖ਼ਤਰੇ ਦੀ ਘੰਟੀ ਹੈ।” ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਧਮਾਕਿਆਂ ਦੀਆਂ ਘਟਨਾਵਾਂ ਦੀ ਪੂਰੀ ਪਾਰਦਰਸ਼ਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਲੋਕਾਂ ਨੂੰ ਸੁਰੱਖਿਆ ਬਾਰੇ ਸਪਸ਼ਟ ਅਤੇ ਭਰੋਸੇਯੋਗ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਰਿਹਾ ਹੈ ਅਤੇ ਅੱਗੇ ਵੀ ਲੋਕ ਹਿੱਤਾਂ ਦੀ ਆਵਾਜ਼ ਬੁਲੰਦ ਕਰਦਾ ਰਹੇਗਾ।