ਰਾਹੁਲ ਗਾਂਧੀ ਤੇ ਖੜਗੇ ਦੇਸ਼ ਤੋਂ ਮੁਆਫ਼ੀ ਮੰਗਣ : ਹਰਬੰਸ ਲਾਲ
ਰਾਹੁਲ ਗਾਂਧੀ ਅਤੇ ਖੜਗੇ ਦੇਸ਼ ਤੋਂ ਮੁਆਫ਼ੀ ਮੰਗਣ : ਹਰਬੰਸ ਲਾਲ
Publish Date: Fri, 24 Apr 2026 05:54 PM (IST)
Updated Date: Fri, 24 Apr 2026 05:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਾਬਕਾ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਡਾ. ਹਰਬੰਸ ਲਾਲ ਨੇ ਕਿਹਾ ਕਿ ਜਦੋਂ ਵੀ ਕਾਂਗਰਸ ਵਿਕਾਸ ਤੇ ਤੱਥਾਂ ਦੇ ਸਵਾਲਾਂ ’ਤੇ ਘਿਰਦੀ ਹੈ ਤਾਂ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਸਾਥੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਘਟੀਆ ਬਿਆਨਬਾਜ਼ੀ ਦਾ ਸਹਾਰਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੀਆਂ ਔਰਤਾਂ ਕਾਂਗਰਸ ਤੋਂ ਆਪਣੇ ਅਧਿਕਾਰਾਂ ਦਾ ਹਿਸਾਬ ਮੰਗ ਰਹੀਆਂ ਹਨ, ਉਸ ਸਮੇਂ ਅਜਿਹੇ ਨੀਵੇਂ ਪੱਧਰ ਦੇ ਬਿਆਨ ਦੇਣਾ ਕਾਂਗਰਸੀ ਆਗੂਆਂ ਦੀ ਨਿਰਾਸ਼ਾ ਨੂੰ ਪ੍ਰਗਟ ਕਰਦਾ ਹੈ। ਡਾ ਹਰਬੰਸ ਲਾਲ ਨੇ ਮੰਗ ਕੀਤੀ ਕਿ ਅਜਿਹੀ ਬਿਆਨਬਾਜ਼ੀ ਲਈ ਰਾਹੁਲ ਗਾਂਧੀ ਅਤੇ ਮਲਿਕਅਰਜੁਨ ਖੜਗੇ ਨੂੰ ਦੇਸ਼ ਅਤੇ ਪ੍ਰਧਾਨ ਮੰਤਰੀ ਤੋਂ ਫ਼ੌਰੀ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਾਂਗਰਸੀ ਆਗੂਆਂ ਨੇ ਸ਼ਿਸ਼ਟਾਚਾਰ ਦੀਆਂ ਹੱਦਾਂ ਪਾਰ ਕੀਤੀਆਂ ਹਨ, ਦੇਸ਼ ਦੀ ਜਨਤਾ ਨੇ ਉਨ੍ਹਾਂ ਨੂੰ ਹਮੇਸ਼ਾ ਢੁਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਅਗਵਾਈ ਹੇਠ ਸਰਕਾਰ ਨੇ ਦੇਸ਼ ਵਿੱਚੋਂ ਅੱਤਵਾਦ ਨੂੰ ਜੜੋਂ ਖ਼ਤਮ ਕਰਕੇ ਭਾਰਤ ਦੀ ਸ਼ਾਨ ਦੁਨੀਆ ਵਿੱਚ ਉੱਚੀ ਕੀਤੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਵਰਗੇ ਸੂਬਿਆਂ ਵਿੱਚੋਂ ਨਕਸਲਵਾਦ ਦਾ ਸਫ਼ਾਇਆ ਕਰਕੇ ਅਮਨ-ਸ਼ਾਂਤੀ ਅਤੇ ਲੋਕਤੰਤਰ ਨੂੰ ਮਜ਼ਬੂਤ ਕੀਤਾ ਹੈ। ਇਸ ਮੌਕੇ ਘੱਟਗਿਣਤੀ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਸੁੱਚਾ ਖ਼ਾਨ ਮਹੱਦੀਆਂ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਪਰਮਜੀਤ ਸਿੰਘ ਬਲਾੜਾ, ਸਤਵੰਤ ਸਿੰਘ ਬਲਾੜਾ, ਜਗਪਾਲ ਸਿੰਘ ਬਲਾੜਾ, ਬਹਾਦਰ ਸਿੰਘ ਬਲਾੜਾ, ਜਗਬੀਰ ਸਿੰਘ ਤਰਖੇੜੀ, ਵਿਪਨ ਵਰਮਾ ਬੱਬੂ ਸਰਹਿੰਦ ਅਤੇ ਮੇਜਰ ਸਿੰਘ ਡੁਮਛੇੜੀ ਸਮੇਤ ਕਈ ਭਾਜਪਾ ਆਗੂ ਮੌਜੂਦ ਸਨ।