ਸਰਵਹਿਤਕਾਰੀ ਵਿਦਿਆ ਮੰਦਰ ਵਿਖੇ ਰਬਿੰਦਰਨਾਥ ਟੈਗੋਰ ਦਾ ਜਨਮ ਦਿਨ ਮਨਾਇਆ
ਸਰਵਹਿਤਕਾਰੀ ਵਿਦਿਆ ਮੰਦਰ ਵਿਖੇ ਰਬਿੰਦਰਨਾਥ ਟੈਗੋਰ ਦਾ ਜਨਮ ਦਿਨ ਮਨਾਇਆ
Publish Date: Fri, 08 May 2026 06:22 PM (IST)
Updated Date: Fri, 08 May 2026 06:23 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਰਾਣਾ ਮੁਨਸ਼ੀ ਰਾਮ ਸਰਵਹਿਤਕਾਰੀ ਵਿਦਿਆ ਮੰਦਰ, ਸਰਹਿੰਦ ਵਿਖੇ ਭਾਰਤੀ ਸਾਹਿਤ ਅਤੇ ਸੱਭਿਆਚਾਰ ਦੀ ਮਹਾਨ ਹਸਤੀ ਰਬਿੰਦਰਨਾਥ ਟੈਗੋਰ ਦਾ ਜਨਮ ਦਿਨ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਮੀਨਾਕਸ਼ੀ ਨੇ ਉਨ੍ਹਾਂ ਦੇ ਜੀਵਨ ਅਤੇ ਵਿਰਾਸਤ ’ਤੇ ਚਾਨਣਾ ਪਾਉਂਦਿਆਂ ਕਲਾ, ਸੰਗੀਤ ਅਤੇ ਦਰਸ਼ਨ ’ਤੇ ਉਨ੍ਹਾਂ ਦੇ ਡੂੰਘੇ ਪ੍ਰਭਾਵ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਰਬਿੰਦਰਨਾਥ ਟੈਗੋਰ ਇੱਕ ਬਹੁ-ਪੱਖੀ ਸ਼ਖ਼ਸੀਅਤ ਸਨ, ਜੋ ਕਵੀ, ਨਾਵਲਕਾਰ, ਨਾਟਕਕਾਰ, ਚਿੱਤਰਕਾਰ ਅਤੇ ਸੰਗੀਤਕਾਰ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੀਆਂ ਰਚਨਾਵਾਂ ’ਚ ਕੁਦਰਤ ਦੀ ਸੁੰਦਰਤਾ ਤੋਂ ਲੈ ਕੇ ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ ਅਤੇ ਆਜ਼ਾਦੀ ਦੇ ਸੰਘਰਸ਼ ਦੇ ਵਿਸ਼ੇ ਪ੍ਰਮੁੱਖ ਰਹੇ। ਸਾਲ 1913 ’ਚ ਉਹ ਆਪਣੇ ਕਵਿਤਾ ਸੰਗ੍ਰਹਿ ‘ਗੀਤਾਂਜਲੀ’ ਲਈ ਸਾਹਿਤ ’ਚ ਨੋਬਲ ਪੁਰਸਕਾਰ ਜਿੱਤਣ ਵਾਲੇ ਪਹਿਲੇ ਗੈਰ-ਯੂਰਪੀਅਨ ਬਣੇ ਸਨ। ਟੈਗੋਰ ਦਾ ਪ੍ਰਭਾਵ ਸਾਹਿਤ ਤੋਂ ਇਲਾਵਾ ਸਮਾਜ ਸੁਧਾਰ, ਫਲਸਫੇ ਅਤੇ ਸਿੱਖਿਆ ਦੇ ਖੇਤਰ ’ਚ ਵੀ ਬੇਮਿਸਾਲ ਰਿਹਾ। ਉਨ੍ਹਾਂ ਨੇ ਸਿੱਖਿਆ ਪ੍ਰਤੀ ਸੰਪੂਰਨ ਪਹੁੰਚ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੱਛਮੀ ਬੰਗਾਲ ਦੇ ਸ਼ਾਂਤੀਨੀਕੇਤਨ ਵਿਖੇ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਉਨ੍ਹਾਂ ਦੇ ਲਿਖੇ ਦੇਸ਼ ਭਗਤੀ ਦੇ ਗੀਤ ‘ਜਨ ਗਣ ਮਨ’ ਨੂੰ ਭਾਰਤ ਦੇ ਰਾਸ਼ਟਰੀ ਗੀਤ ਅਤੇ ‘ਅਮਰ ਸ਼ੋਨਾਰ ਬੰਗਲਾ’ ਨੂੰ ਬੰਗਲਾਦੇਸ਼ ਦੇ ਰਾਸ਼ਟਰੀ ਗੀਤ ਵਜੋਂ ਮਾਣ ਹਾਸਲ ਹੈ। ਸਕੂਲ ਦੇ ਪ੍ਰਿੰਸੀਪਲ ਮਹੇਸ਼ ਚੰਦ ਸ਼ਰਮਾ ਨੇ ਵਿਦਿਆਰਥੀਆਂ ਨੂੰ ਟੈਗੋਰ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਜੀਵਨ ’ਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੀਤੀ ਸ਼ੁਕਲਾ, ਹਰਮਨਪ੍ਰੀਤ ਕੌਰ, ਅਨੀਤਾ, ਸੋਨੀਆ ਸ਼ਰਮਾ, ਜ਼ੀਨਤ, ਗੁਰਪ੍ਰੀਤ ਕੌਰ, ਚਾਹਤ ਅਤੇ ਕੋਮਲ ਵੀ ਮੌਜੂਦ ਸਨ।