ਸਰਕਾਰੀ ਨੀਤੀਆਂ ਕਾਰਨ ਪੰਜਾਬ ਦੀ ਜਵਾਨੀ ਤੇ ਕਿਸਾਨ ਰੁਲ ਰਹੇ : ਪੀਰ ਮੁਹੰਮਦ
ਸਰਕਾਰੀ ਨੀਤੀਆਂ ਕਾਰਨ ਪੰਜਾਬ ਦੀ ਜਵਾਨੀ ਤੇ ਕਿਸਾਨ ਰੁਲ ਰਹੇ: ਪੀਰ ਮੁਹੰਮਦ
Publish Date: Sat, 21 Feb 2026 06:33 PM (IST)
Updated Date: Sat, 21 Feb 2026 06:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਲਈ ਕੇਂਦਰ ਤੇ ਸੂਬਾ ਸਰਕਾਰਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਗਲਤ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਤੇ ਨੌਜਵਾਨ ਦੋਵੇਂ ਹਾਸ਼ੀਏ ਤੇ ਧੱਕੇ ਜਾ ਰਹੇ ਹਨ। ਪੀਰ ਮੁਹੰਮਦ ਨੇ ਕਿਹਾ ਕਿ ਅਮਰੀਕਾ ਵਰਗੇ ਵਿਕਸਿਤ ਦੇਸ਼ ਆਪਣੇ ਕਿਸਾਨਾਂ ਨੂੰ ਅਰਬਾਂ ਡਾਲਰ ਦੀ ਸਬਸਿਡੀ ਦੇ ਕੇ ਭਾਰਤੀ ਮੰਡੀਆਂ ਵਿੱਚ ਸਸਤਾ ਮਾਲ ਸੁੱਟ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਅਮਰੀਕੀ ਪੈਦਾਵਾਰ ਬਿਨਾਂ ਰੋਕ-ਟੋਕ ਦੇ ਭਾਰਤ ਵਿੱਚ ਆ ਗਈ ਤਾਂ ਪੰਜਾਬ ਦਾ ਕਿਸਾਨ ਪੂਰੀ ਤਰ੍ਹਾਂ ਰੁਲ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਬਾਹਰਲੇ ਮੁਲਕਾਂ ਤੋਂ ਆਉਣ ਵਾਲੀ ਫ਼ਸਲ ’ਤੇ ਭਾਰੀ ਆਯਾਤ ਡਿਊਟੀ ਲਗਾਈ ਜਾਵੇ ਤਾਂ ਜੋ ਸਥਾਨਕ ਕਿਸਾਨ ਬਚ ਸਕੇ। ਇਸ ਤੋਂ ਇਲਾਵਾ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਵੀ ਦਿੱਤੀ ਜਾਵੇ ਤਾਂ ਜੋ ਵਿਦੇਸ਼ੀ ਸਬਸਿਡੀ ਵਾਲੇ ਮਾਲ ਨਾਲ ਮੁਕਾਬਲਾ ਕੀਤਾ ਜਾ ਸਕੇ। ਰੁਜ਼ਗਾਰ ਮੁੱਦੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਭਰਤੀਆਂ ਵਿੱਚ ਪੰਜਾਬੀ ਨੌਜਵਾਨਾਂ ਨਾਲ ਧੱਕਾ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਐੱਸਐੱਸ ਬੋਰਡ ਰਾਹੀਂ ਹੋਣ ਵਾਲੀ ਹਰ ਭਰਤੀ ਵਿੱਚ 80 ਤੋਂ 90 ਫ਼ੀਸਦੀ ਕੋਟਾ ਸਿਰਫ ਪੰਜਾਬ ਦੇ ਪੱਕੇ ਵਸਨੀਕਾਂ ਲਈ ਰਾਖਵਾਂ ਰੱਖਿਆ ਜਾਵੇ। ਪ੍ਰੀਖਿਆਵਾਂ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੀ ਜਾਵੇ ਤਾਂ ਜੋ ਬਾਹਰਲੇ ਰਾਜਾਂ ਦੇ ਉਮੀਦਵਾਰ ਸਥਾਨਕ ਨੌਜਵਾਨਾਂ ਦਾ ਹੱਕ ਨਾ ਮਾਰ ਸਕਣ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਨਾ ਮਿਲੀਆਂ ਤਾਂ ਨੌਜਵਾਨ ਮਜਬੂਰਨ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਵੱਲ ਪਲਾਇਣ ਕਰਨਗੇ ਜੋ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਸਭ ਤੋਂ ਵੱਡਾ ਖਤਰਾ ਹੈ। ਉਨ੍ਹਾਂ ਐੱਸਐੱਸ ਬੋਰਡ ਦੀ ਭਰਤੀ ਪ੍ਰਕਿਰਿਆ ਨੂੰ ਤੁਰੰਤ ਪਾਰਦਰਸ਼ੀ ਬਣਾਉਣ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਮੰਗ ਵੀ ਕੀਤੀ। ਨਾਲ ਹੀ ਨਸ਼ਾਮੁਕਤ ਪੰਜਾਬ ਲਈ ਨੌਜਵਾਨਾਂ ਨੂੰ ਖੇਡਾਂ ਤੇ ਰੁਜ਼ਗਾਰ ਨਾਲ ਜੋੜਨ ਦੀ ਅਪੀਲ ਕੀਤੀ ਤਾਂ ਜੋ ਨਸ਼ਿਆਂ ਦੇ ਦਰਿਆ ਨੂੰ ਰੋਕਿਆ ਜਾ ਸਕੇ।