ਯੂਨੀਵਰਸਿਟੀ ਤੇ ਸਰਕਾਰ ਨਾਲ ਸਾਂਝੇ ਰੂਪ ’ਚ ਉਠਾਏ ਜਾਣਗੇ ਸਾਰੇ ਮਸਲੇ
ਯੂਨੀਵਰਸਿਟੀ ਅਤੇ ਸਰਕਾਰ ਨਾਲ ਸਾਂਝੇ ਰੂਪ ਵਿੱਚ ਉਠਾਏ ਜਾਣਗੇ ਸਾਰੇ ਮਸਲੇ
Publish Date: Thu, 07 May 2026 05:01 PM (IST)
Updated Date: Fri, 08 May 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਵਿਖੇ ਆਟੋਨੌਮਸ ਕਾਲਜਾਂ ਦੇ ਚੇਅਰਮੈਨਾਂ ਅਤੇ ਪ੍ਰਿੰਸੀਪਲਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਭਾਈ ਦਇਆ ਸਿੰਘ ਬਲਾਕ ਆਫ ਕਾਮਰਸ ਐਂਡ ਮੈਨੇਜਮੈਂਟ ਦੇ ਬੋਰਡ ਰੂਮ ਵਿੱਚ ਆਯੋਜਿਤ ਕੀਤੀ ਗਈ। ਇਸ ਅਹਿਮ ਮੀਟਿੰਗ ਦੌਰਾਨ ਕਾਲਜਾਂ ਨੂੰ ਦਰਪੇਸ਼ ਮੁਸ਼ਕਿਲਾਂ ’ਤੇ ਗੰਭੀਰ ਵਿਚਾਰ-ਚਰਚਾ ਕਰਨ ਉਪਰੰਤ ਸਰਬਸੰਮਤੀ ਨਾਲ ’ਆਟੋਨੌਮਸ ਕਾਲਜਾਂ ਦੀ ਐਸੋਸੀਏਸ਼ਨ’ ਬਣਾਉਣ ਦਾ ਨਿਰਣਾ ਲਿਆ ਗਿਆ। ਇਸ ਵਿੱਚ ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੂੰ ਪ੍ਰਧਾਨ, ਏਸ਼ੀਅਨ ਐਜੂਕੇਸ਼ਨਲ ਇੰਸਟੀਚਿਊਟ ਪਟਿਆਲਾ ਦੇ ਚੇਅਰਮੈਨ ਡਾ. ਤਰਸੇਮ ਸੈਣੀ ਨੂੰ ਸਪੋਕਸ ਪਰਸਨ ਤੇ ਸਰਪ੍ਰਸਤ ਅਤੇ ਐੱਮਐੱਮ ਮੋਦੀ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੂੰ ਜਨਰਲ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡਾ. ਆਤਮ ਸਿੰਘ ਰੰਧਾਵਾ ਖ਼ਾਲਸਾ ਕਾਲਜ ਅੰਮ੍ਰਿਤਸਰ, ਚੇਅਰਪਰਸਨ ਐਡਵੋਕੇਟ ਅਸ਼ੋਕ ਗੋਇਲ ਐੱਸ.ਐੱਸ.ਡੀ ਗਰਲਜ਼ ਕਾਲਜ ਬਠਿੰਡਾ ਅਤੇ ਡਾ. ਜਸਵੀਰ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਅਨੰਦਪੁਰ ਸਾਹਿਬ ਨੂੰ ਵਾਈਸ ਪ੍ਰਧਾਨ ਬਣਾਇਆ ਗਿਆ। ਜੁਆਇੰਟ ਸੈਕਟਰੀ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਇਲਾਵਾ ਐਗਜੀਕਿਊਟਿਵ ਮੈਂਬਰ ਵਜੋਂ ਡਾ. ਬਿਕਰਮਜੀਤ ਸਿੰਘ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ, ਸ਼੍ਰੀ ਫਤਿਹਗੜ੍ਹ ਸਾਹਿਬ, ਡਾ. ਸਤਵੰਤ ਕੌਰ ਪ੍ਰਿੰਸੀਪਲ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ, ਰੋਪੜ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਐੱਸ.ਐੱਸ.ਡੀ. ਗਰਲਜ਼ ਕਾਲਜ ਬਠਿੰਡਾ ਨੂੰ ਨਿਯੁਕਤ ਕੀਤਾ ਗਿਆ। ਸਪੋਕਸਪਰਸਨ ਤਰਸੇਮ ਸੈਣੀ ਨੇ ਮੀਟਿੰਗ ਦੌਰਾਨ ਪੰਜਾਬੀ ਯੂਨੀਵਰਸਿਟੀ ਵੱਲੋਂ ਲਗਾਈਆਂ ਜਾ ਰਹੀਆਂ ਵੱਖ-ਵੱਖ ਫੀਸਾਂ ’ਤੇ ਇਤਰਾਜ਼ ਜਤਾਉਂਦਿਆਂ ਦੱਸਿਆ ਗਿਆ ਕਿ ਯੂਨੀਵਰਸਿਟੀ ਵੱਲੋਂ ਹਰ ਸਾਲ ਕੰਟੀਨਿਊਸ਼ਨ ਅਤੇ ਸਬੰਧਤਾ ਫੀਸਾਂ ਵਸੂਲੀਆਂ ਜਾ ਰਹੀਆਂ ਹਨ, ਜਦੋਂ ਕਿ ਯੂ.ਜੀ.ਸੀ. ਦੇ 2023 ਦੇ ਨਿਯਮਾਂ ਮੁਤਾਬਕ ਅਜਿਹੀ ਕੋਈ ਵਿਵਸਥਾ ਨਹੀਂ ਹੈ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਧਰਮਿੰਦਰ ਸਿੰਘ ਉੱਭਾ ਨੇ ਗੌਰਮਿੰਟ ਪੋਰਟਲ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਆਟੋਨੌਮਸ ਕਾਲਜਾਂ ਨੂੰ ਵੀ ਯੂਨੀਵਰਸਿਟੀਆਂ ਵਾਂਗ ਪੋਰਟਲ ਤੋਂ ਛੋਟ ਹੋਣੀ ਚਾਹੀਦੀ ਹੈ। ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਡਾ. ਹਰਜੀਤ ਸਿੰਘ, ਅਮਰ ਸ਼ਹੀਦ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ, ਰੋਪੜ ਤੋਂ ਡਾ. ਨਰੀਪਿੰਦਰ ਕੌਰ ਤੇ ਵੱਖ-ਵੱਖ ਆਟੋਨੌਮਸ ਕਾਲਜਾਂ ਦੇ ਹੋਰ ਮੈਂਬਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।