ਕਾਂਸਟੀਚੂਐਂਟ ਕਾਲਜ ਪੇਂਡੂ ਇਲਾਕਿਆਂ ਲਈ ਸਾਬਤ ਹੋਏ ਵਰਦਾਨ : ਡਾ. ਜਗਦੀਪ
ਕਾਂਸਟੀਚੂਐਂਟ ਕਾਲਜ ਪੇਂਡੂ ਇਲਾਕਿਆਂ ਲਈ ਹੋ ਰਹੇ ਹਨ ਵਰਦਾਨ ਸਾਬਤ: ਡਾ. ਜਗਦੀਪ ਸਿੰਘ
Publish Date: Wed, 06 May 2026 04:57 PM (IST)
Updated Date: Wed, 06 May 2026 04:59 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵਲੋਂ ਬੀਤੇ ਦਿਨ ਨਵੇਂ ਵਿਦਿਅਕ ਸੈਸ਼ਨ 2026-27 ਲਈ ਯੂਨੀਵਰਸਿਟੀ ਦੇ ਸਮੂਹ ਕਾਂਸਟੀਚੂਐਂਟ ਕਾਲਜਾਂ ਦਾ ਸਾਂਝਾ ਪ੍ਰਾਸਪੈਕਟਸ ਜਾਰੀ ਕੀਤਾ ਗਿਆ ਅਤੇ ਇੱਕ ਸਾਫਟਵੇਅਰ ਵੀ ਲਾਂਚ ਕੀਤਾ ਗਿਆ ਜੋ ਕਿ ਕਾਲਜਾਂ ਦੇ ਪ੍ਰਸ਼ਾਸਨਿਕ ਕੰਟਰੋਲ ਨੂੰ ਜ਼ਿੰਮੇਵਾਰ ਬਣਾਏਗਾ ਅਤੇ ਵਿਦਿਆਰਥੀਆਂ ਨੂੰ ਸੁਵਿਧਾ ਪ੍ਰਦਾਨ ਕਰੇਗਾ। ਇਸ ਮੌਕੇ ਸਮੂਹ ਕਾਂਸਟੀਚੂਐਂਟ ਕਾਲਜਾਂ ਦੇ ਪ੍ਰਿੰਸੀਪਲ ਅਤੇ ਇੰਚਾਰਜ ਵੀ ਮੌਜੂਦ ਸਨ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਦੂਰ ਦਰਾਡੇ ਅਤੇ ਪੱਛਡ਼ੇ ਇਲਾਕਿਆਂ ਵਿਚ ਉੱਚ ਸਿੱਖਿਆ ਦੇ ਵਿਸਥਾਰ ਵਿਚ ਕਾਂਸਟੀਚੂਐਂਟ ਕਾਲਜਾਂ ਨੇ ਮਹਤੱਵਪੂਰਨ ਭੂਮਿਕਾ ਨਿਭਾਈ ਹੈ। ਇਸ ਮੌਕੇ ਆਉਣ ਵਾਲੇ ਵਿਦਿਅਕ ਸੈਸ਼ਨ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੂਲਵਾਨ ਸੁਝਾਅ ਵੀ ਦਿੱਤੇ ਗਏ। ਇਸ ਮੌਕੇ ਡੀਨ ਅਕੈਡਮਿਕ ਡਾ. ਜਸਵਿੰਦਰ ਸਿੰਘ ਬਰਾਡ਼ ਨੇ ਕਿਹਾ ਕਿ ਯੂਨੀਵਰਸਿਟੀ ਇਨ੍ਹਾਂ ਕਾਲਜਾਂ ਦੇ ਸੁਚਾਰੂ ਢੰਗ ਲਈ ਪ੍ਰਤੀਬੱਧ ਹੈ। ਇਸ ਮੌਕੇ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ, ਵਿੱਤ ਅਧਿਕਾਰੀ ਡਾ. ਬੀ.ਬੀ. ਸਿੰਗਲਾ, ਡਾਇਰੈਕਟਰ ਕਾਂਸਟੀਚੂਐਂਟ ਡਾ. ਅਮਰ ਇੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਨੇ ਦੱਸਿਆ ਕਿ ਦਾਖਲਾ ਪ੍ਰਕਿਰਿਆ ਲਈ 1 ਮਈ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਵਿਦਿਆਰਥੀ ਬੀ.ਏ., ਬੀ.ਸੀ.ਏ., ਬੀ.ਕਾਮ, ਬੀ.ਬੀ.ਏ., ਪੀ.ਜੀ.ਡੀ.ਸੀ.ਏ. ਅਤੇ ਛੇ ਮਹੀਨਿਆਂ ਵਾਲੇ ਸਾਲਿਡ ਵੇਸਟ ਮੈਨੇਜਮੈਂਟ ਅਤੇ ਬੈਕਿੰਗ ਐਂਡ ਫਾਇਨਾਂਸ ਕੋਰਸਾਂ ਵਿਚ ਦਾਖਲਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦਾ ਇਹ ਇੱਕੋ ਇੱਕ ਅਜਿਹਾ ਕਾਲਜ ਹੈ ਜੋ ਵਿਦਿਆਰਥੀਆਂ ਨੂੰ ਦੂਰ ਦੁਰਾਡੇ ਜਾਣ ਦੀ ਬਿਜਾਏ ਆਪਣੇ ਘਰਾਂ ਦੇ ਨੇਡ਼ੇ ਰਹਿ ਕੇ ਅਵੱਲ ਦਰਜ਼ੇ ਦੀ ਪਡ਼ਾਈ ਕਰਵਾ ਰਿਹਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਕਾਲਜ ਵਿਖੇ ਦਾਖਲਾ ਕਰਵਾਉਣ ਤਾਂ ਜੋ ਉਨ੍ਹਾਂ ਨੁੰ ਉੱਚ ਦਰਜ਼ੇ ਦੀ ਵਿਦਿਆ ਹਾਸਲ ਹੋ ਸਕੇ।