ਕੰਪਨੀਆਂ ਦੇ ਆਪਸੀ ਰਲ਼ੇਵੇਂ ਨਾਲ ਵਧਦੀ ਹੈ ਸਬੰਧਤ ਕੰਪਨੀਆਂ ਦੀ ਕੁਸ਼ਲਤਾ : ਡਾ. ਕਾਜਲ
ਕੰਪਨੀਆਂ ਦੇ ਆਪਸੀ ਰਲ਼ੇਵੇਂ ਨਾਲ਼ ਵਧਦੀ ਹੈ ਸਬੰਧਤ ਕੰਪਨੀਆਂ ਦੀ ਕੁਸ਼ਲਤਾ: ਪੰਜਾਬੀ ਯੂਨੀਵਰਸਿਟੀ ਦਾ ਅਧਿਐਨ
Publish Date: Sun, 03 May 2026 04:45 PM (IST)
Updated Date: Sun, 03 May 2026 04:47 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵਿਖੇ ਕੀਤੇ ਗਏ ਇਕ ਤਾਜ਼ਾ ਅਧਿਐਨ ਰਾਹੀਂ ਭਾਰਤੀ ਵਿੱਤੀ ਸੇਵਾ ਖੇਤਰ ਦੀਆਂ ਵੱਖ-ਵੱਖ ਕੰਪਨੀਆਂ ਵੱਲੋਂ ਕੀਤੇ ਜਾਂਦੇ ਆਪਸੀ ਰਲ਼ੇਵੇਂ ਜਾਂ ਇਕ ਕੰਪਨੀ ਵੱਲੋਂ ਦੂਸਰੀ ਨੂੰ ਖਰੀਦ ਲੈਣ ਵਾਲੀ ਸਥਿਤੀ ਵਿਚ ਸਬੰਧਤ ਕੰਪਨੀਆਂ ਦੀ ਕੁਸ਼ਲਤਾ ਅਤੇ ਉਨ੍ਹਾਂ ਨਾਲ ਜੁੜੇ ਸ਼ੇਅਰਧਾਰਕਾਂ ਦੀ ਦੌਲਤ ਤੇ ਪੈਣ ਵਾਲੇ ਪ੍ਰਭਾਵਾਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਕੀਤਾ ਗਿਆ ਹੈ। ਇਹ ਅਧਿਐਨ ਖੋਜਾਰਥੀ ਡਾ. ਕਾਜਲ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਬਿਜ਼ਨਸ ਸਟੱਡੀਜ਼ ਵਿਭਾਗ ਦੇ ਅਧਿਆਪਕ ਡਾ. ਸੰਦੀਪ ਸਿੰਘ ਵਿਰਦੀ ਦੀ ਨਿਗਰਾਨੀ ਹੇਠ ਕੀਤਾ ਗਿਆ ਹੈ। ਡਾ. ਸੰਦੀਪ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਅਧਿਐਨ ਵਿਚ ਵਰਤੇ ਗਏ ਅੰਕੜੇ ਬਲੂਮਬਰਗ ਡੇਟਾਬੇਸ ਤੋਂ ਲਏ ਗਏ ਹਨ। ਦੁਨੀਆ ਭਰ ਦੇ ਵੱਡੇ ਨਿਵੇਸ਼ਕ ਤੇ ਵਿੱਤੀ ਮਾਹਿਰ ਇਸੇ ਡੇਟਾਬੇਸ ਤੇ ਭਰੋਸਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਰਲ਼ੇਵੇਂ ਵਿੱਚ ਸ਼ਾਇਦ ਸਿਰਫ਼ ਇੱਕ ਕੰਪਨੀ ਨੂੰ ਫਾਇਦਾ ਹੁੰਦਾ ਹੈ, ਪਰ ਇਹ ਖੋਜ ਕਹਿੰਦੀ ਹੈ ਕਿ ਜਿੱਥੇ ਖਰੀਦਦਾਰ ਕੰਪਨੀ ਦੇ ਸ਼ੇਅਰਧਾਰਕਾਂ ਦੀ ਦੌਲਤ ਵਧਦੀ ਹੈ। ਖੋਜਾਰਥੀ ਡਾ. ਕਾਜਲ, ਜੋ ਮੌਜੂਦਾ ਸਮੇਂ ਸੀ.ਜੀ.ਸੀ ਲਾਂਡਰਾਂ ਵਿਖੇ ਸਹਾਇਕ ਪ੍ਰੋਫ਼ੈਸਰ ਵਜੋਂ ਸੇਵਾ ਨਿਭਾ ਰਹੇ ਹਨ, ਨੇ ਦੱਸਿਆ ਅਧਿਐਨ ਰਾਹੀਂ ਇਹ ਸਾਹਮਣੇ ਆਇਆ ਕਿ ਜੇਕਰ ਕੋਈ ਖਰੀਦਦਾਰ ਕੰਪਨੀ ਲੰਬੇ ਸਮੇਂ ਲਈ ਮੁਨਾਫ਼ੇ ਪੱਖੋਂ ਕਿਸੇ ਅਜਿਹੀ ਕੰਪਨੀ ਨੂੰ ਖਰੀਦਦੀ ਹੈ ਜੋ ਸਟਾਕ ਮਾਰਕੀਟ ਵਿਚ ਲਿਸਟਡ ਨਹੀਂ ਹੈ, ਤਾਂ ਫਾਇਦਾ ਜ਼ਿਆਦਾ ਹੁੰਦਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਜਦੋਂ ਕੰਪਨੀਆਂ ਆਪਣੇ ਮੌਜੂਦਾ ਕੰਮ ਤੋਂ ਵੱਖਰੇ ਖੇਤਰ ਦੀ ਕੰਪਨੀ ਨੂੰ ਖਰੀਦਦੀਆਂ ਹਨ ਤਾਂ ਲੰਬੇ ਸਮੇਂ ਵਿਚ ਉਨ੍ਹਾਂ ਨੂੰ ਵੱਧ ਫਾਇਦਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਖਰੀਦਦਾਰ ਕੰਪਨੀ ਸ਼ੇਅਰਾਂ ਦੀ ਬਜਾਏ ਰਾਸ਼ੀ ਦੇ ਕੇ ਸੌਦਾ ਕਰਦੀ ਹੈ, ਤਾਂ ਕੰਪਨੀ ਦੀ ਕੁਸ਼ਲਤਾ ਅਤੇ ਮੁਨਾਫ਼ਾ ਵਧਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਇਸ ਗੱਲ ਦਾ ਮਾਣ ਹੈ ਕਿ ਇੱਥੇ ਵੱਖ-ਵੱਖ ਵਿਸ਼ਿਆਂ ਵਿਚ ਸਮਾਜ ਦੀ ਬਿਹਤਰ ਬਣਾਉਣ ਵਾਲੀਆਂ ਚੰਗੀਆਂ ਖੋਜਾਂ ਹੋ ਰਹੀਆਂ ਹਨ।