ਹਮੇਸ਼ਾ ਤਰਕਸੰਗਤ ਫੈਸਲੇ ਨਹੀਂ ਲੈਂਦੇ ਆਮ ਨਿਵੇਸ਼ਕ : ਪ੍ਰੋ. ਬਾਂਸਲ
ਹਮੇਸ਼ਾ ਤਰਕਸੰਗਤ ਫੈਸਲੇ ਨਹੀਂ ਲੈਂਦੇ ਆਮ ਨਿਵੇਸ਼ਕ: ਪੰਜਾਬੀ ਯੂਨੀਵਰਸਿਟੀ ਦਾ ਅਧਿਐਨ
Publish Date: Sun, 26 Apr 2026 05:12 PM (IST)
Updated Date: Sun, 26 Apr 2026 05:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਕਾਮਰਸ ਵਿਭਾਗ ਵਿਚ ਕੀਤੇ ਗਏ ਤਾਜ਼ਾ ਅਧਿਐਨ ਰਾਹੀਂ ਸਟਾਕ ਮਾਰਕੀਟ ਵਿਚ ਆਮ ਵਿਅਕਤੀਗਤ ਨਿਵੇਸ਼ਕਾਂ ਦੇ ਵਿਵਹਾਰ ਅਤੇ ਉਨ੍ਹਾਂ ਦੇ ਨਿਵੇਸ਼ ਸੰਬੰਧੀ ਫੈਸਲਿਆਂ ਦਾ ਵਿਸਥਾਰ ਵਿਚ ਅਧਿਐਨ ਕੀਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੇ ਬਿਜ਼ਨਸ ਸਟੱਡੀਜ਼ ਵਿਭਾਗ ਤੋਂ ਪ੍ਰੋ ਆਨੰਦ ਬਾਂਸਲ ਦੀ ਨਿਗਰਾਨੀ ਹੇਠ ਇਹ ਅਧਿਐਨ ਖੋਜਾਰਥੀ ਡਾ. ਹਿਮਾਂਸ਼ੀ ਬਾਂਸਲ ਵੱਲੋਂ ਕੀਤਾ ਗਿਆ। ਪ੍ਰੋ. ਆਨੰਦ ਬਾਂਸਲ ਨੇ ਦੱਸਿਆ ਕਿ ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਤੇ ਜਲੰਧਰ ਜ਼ਿਲ੍ਹਿਆਂ ਤੋਂ ਵਿਅਕਤੀਗਤ ਨਿਵੇਸ਼ਕਾਂ ਨਾਲ ਸਬੰਧਤ ਅੰਕੜੇ ਇਕੱਠੇ ਕਰ ਕੇ ਵਿਸ਼ਲੇਸ਼ਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਆਮ ਨਿਵੇਸ਼ਕ ਵਿੱਚ ਇੰਨਾ ਜ਼ਿਆਦਾ ਆਤਮ ਵਿਸਵਾਸ ਆਉਂਦਾ ਕਿੱਥੋਂ ਹੈ। ਖੋਜਾਰਥੀ ਡਾ. ਹਿਮਾਂਸ਼ੀ ਬਾਂਸਲ, ਜੋ ਕਿ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਕਾਰਜਸ਼ੀਲ ਹਨ, ਨੇ ਦੱਸਿਆ ਕਿ ਖੋਜ ਨਤੀਜੇ ਇਹ ਵੀ ਦਰਸਾਉਂਦੇ ਹਨ ਕਿ ਆਮ ਨਿਵੇਸ਼ਕ ਆਪਣੇ ਅਤਿ-ਆਤਮਵਿਸ਼ਵਾਸ ਦੇ ਕਾਰਨ ਪੋਰਟਫੋਲਿਓ ਵਿੱਚ ਨਿਵੇਸ਼ ਨੂੰ ਵੱਖ-ਵੱਖ ਖੇਤਰਾਂ ਨਾਲ਼ ਸਬੰਧਤ ਸ਼ੇਅਰਾਂ ਵਿਚ ਠੀਕ ਤਰ੍ਹਾਂ ਨਹੀਂ ਰੱਖਦੇ, ਜਿਸ ਨਾਲ ਉਹ ਅਕਸਰ ਜੋਖ਼ਮ ਘਟਾਉਣ ਦੇ ਲਾਭਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਨਿਵੇਸ਼ਕ ਭੇਡਚਾਲ ਦਾ ਸ਼ਿਕਾਰ ਹੋ ਕੇ ਬਿਨਾਂ ਪੂਰੀ ਜਾਂਚ-ਪੜਤਾਲ ਦੇ ਮਿਲਣ ਵਾਲ਼ੇ ਟਿਪਸ ਤੇ ਭਰੋਸਾ ਕਰ ਕੇ ਹੀ ਨਿਵੇਸ਼ ਕਰਦੇ ਹਨ ਅਤੇ ਕਈ ਵਾਰ ਆਪਣੀ ਸਾਰੀ ਪੂੰਜੀ ਇੱਕੋ ਹੀ ਕੰਪਨੀ ਦੇ ਸ਼ੇਅਰਾਂ ਵਿਚ ਲਗਾ ਦਿੰਦੇ ਹਨ, ਜੋ ਕਿ ਕਾਫ਼ੀ ਜੋਖ਼ਮ ਭਰਿਆ ਫੈਸਲਾ ਹੁੰਦਾ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਖੋਜ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਇਹ ਅਧਿਐਨ ਵਿਦਿਆਰਥੀਆਂ ਤੇ ਸਮਾਜ ਲਈ ਬਹੁਤ ਲਾਭਕਾਰੀ ਹੈ।