ਪੰਜਾਬੀ ਯੂਨੀਵਰਸਿਟੀ ਨੇ ਮਨਾਇਆ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਸ਼ਾਨਦਾਰ ਸਮਾਗਮ ਕੀਤੇ ਗਏ। ਇਨ੍ਹਾਂ ਸਮਾਗਮਾਂ ਦੀ ਲੜੀ ਵਿੱਚ ਗਿਆਨੀ ਲਾਲ ਸਿੰਘ ਯਾਦਗਾਰੀ ਭਾਸ਼ਣ ਸੈਨੇਟ ਹਾਲ ਵਿੱਚ ਕਰਵਾਇਆ ਗਿਆ। ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ ਨੇ ਭਾਸ਼ਣ ਦੀ ਰੂਪ-ਰੇਖਾ ਸਾਂਝੀ ਕਰਦਿਆਂ ਦੱਸਿਆ ਕਿ ਗਿਆਨੀ ਲਾਲ ਸਿੰਘ ਦਾ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਹੈ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਬਿਨਾਂ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਵਿੱਚ ਗਿਆਨੀ ਲਾਲ ਸਿੰਘ ਦਾ ਵੱਡਾ ਯੋਗਦਾਨ ਹੈ। ਪੰਜਾਬੀ ਯੂਨੀਵਰਸਿਟੀ ਭਾਸ਼ਾ ਦੇ ਨਾਂ ’ਤੇ ਬਣੀ ਹੋਈ ਯੂਨੀਵਰਸਿਟੀ ਹੈ ਜੋ ਹਮੇਸ਼ਾਂ ਇਸ ਦੇ ਵਿਕਾਸ ਲਈ ਪੱਬਾਂ ਭਾਰ ਰਹਿੰਦੀ ਹੈ। ਗਿਆਨੀ ਲਾਲ ਸਿੰਘ ਭਾਸ਼ਣ ਦੇਣ ਲਈ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਡਾ. ਵਰਿਆਮ ਸਿੰਘ ਸੰਧੂ ਨੇ ਗਿਆਨੀ ਲਾਲ ਸਿੰਘ ਵੱਲੋਂ ਕੀਤੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਬਹੁਤ ਵੱਡੇ ਦ੍ਰਿਸ਼ਟੀਕੋਣ ਵਾਲੀ ਸ਼ਖ਼ਸੀਅਤ ਸਨ। ਪਰਿਵਾਰ ਤੋਂ ਪਹਿਲਾਂ ਉਹ ਪੰਜਾਬੀ ਬੋਲੀ ਦੇ ਵਿਕਾਸ ਨੂੰ ਅਹਿਮੀਅਤ ਦਿੰਦੇ ਸਨ। ਅੱਜ ਲੋੜ ਹੈ ਕਿ ਪੰਜਾਬੀ ਰੁਜ਼ਗਾਰ, ਪਰਿਵਾਰ, ਸਰਕਾਰ ਦੀ ਭਾਸ਼ਾ ਬਣੇ। ਅਜਿਹੇ ਸੈਮੀਨਾਰਾਂ, ਕਾਨਫ਼ਰੰਸਾਂ ਅਤੇ ਹੋਰ ਸਮਾਗਮਾਂ ਦਾ ਤਾਂ ਹੀ ਮਹੱਤਵ ਹੈ ਜੇਕਰ ਅਸੀਂ ਗੱਲਾਂ-ਬਾਤਾਂ ਤੋਂ ਅੱਗੇ ਵੱਧ ਕੇ ਵਿਹਾਰਕ ਪੱਧਰ ਤੱਕ ਪੰਜਾਬੀ ਭਾਸ਼ਾ ਦੇ ਲਈ ਕਾਰਜ ਕਰੀਏ। ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਦੇ ਹਵਾਲੇ ਨਾਲ ਅਹਿਮ ਕਾਰਜ ਕੀਤੇ ਹਨ। ਪੰਜਾਬੀ ਦੀ ਵਿਕਾਸ ਰੇਖਾ ਵਿੱਚੋਂ ਪੰਜਾਬੀ ਯੂਨੀਵਰਸਿਟੀ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ।