ਗ਼ੈਰ ਅਧਿਆਪਨ ਕਰਮਚਾਰੀ ਸੰਘ ਦਾ ਵਫ਼ਦ ਵਾਇਸ ਚਾਂਸਲਰ ਨੂੰ ਮਿਲਿਆ
ਯੂਨੀਵਰਸਿਟੀ ਕਰਮਚਾਰੀਆਂ ਦੇ ਕੰਮਕਾਜ ਨੂੰ ਗੰਭੀਰਤਾ ਨਾਲ ਵਿਚਾਰ ਕੇ ਹੱਲ ਕਰੇ ਪ੍ਰਸ਼ਾਸਨ: ਬਾਗੜੀਆਂ
Publish Date: Mon, 13 Oct 2025 06:47 PM (IST)
Updated Date: Mon, 13 Oct 2025 06:50 PM (IST)

ਫੋਟੋ 13ਪੀਟੀਐਲ 22 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੈਰ ਅਧਿਆਪਨ ਕਰਮਚਾਰੀ ਸੰਘ ਦੇ ਮੁਲਾਜ਼ਮ ਆਗੂ ਰਾਜਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਹੇਠ ਤਿੰਨ ਮੈਂਬਰੀ ਵਫ਼ਦ ਵੱਲੋਂ ਵਾਇਸ ਚਾਂਸਲਰ ਡਾਕਟਰ ਜਗਦੀਪ ਸਿੰਘ ਨਾਲ ਮੁਲਾਕਾਤ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਯੂਨੀਵਰਸਿਟੀ ਵਿਖੇ ਰੈਗੂਲਰ ਵਾਇਸ ਚਾਂਸਲਰ ਨਾਂ ਹੋਣ ਕਾਰਨ ਗੈਰ ਅਧਿਆਪਨ ਕਰਮਚਾਰੀਆਂ ਦੇ ਕੰਮਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਸੀ। ਡਾਕਟਰ ਜਗਦੀਪ ਸਿੰਘ ਦੇ ਬਤੋਰ ਵਾਇਸ ਚਾਂਸਲਰ ਅਹੁਦਾ ਸੰਭਾਲਣ ਨਾਲ ਗੈਰ ਅਧਿਆਪਨ ਕਰਮਚਾਰੀਆਂ ਦੇ ਮਸਲੇ ਹੱਲ ਹੋਣ ਦੀ ਆਸ ਜਾਗੀ ਹੈ। ਅੱਜ ਦੀ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮੁਲਾਜ਼ਮ ਆਗੂ ਰਾਜਿੰਦਰ ਸਿੰਘ ਬਾਗੜੀਆਂ, ਪ੍ਰਕਾਸ਼ ਸਿੰਘ ਧਾਲੀਵਾਲ, ਅਮਰਜੀਤ ਕੌਰ ਗਿੱਲ ਨੇ ਕਿਹਾ ਕਿ ਗੈਰ ਅਧਿਆਪਨ ਕਰਮਚਾਰੀਆਂ ਦੇ ਰੁਟੀਨ ਦੇ ਕੰਮਕਾਜ ਜਿੰਨਾ ਵਿੱਚ ਸਮੇਂ ਸਿਰ ਪ੍ਰਮੋਸ਼ਨਾਂ, ਰਿਟਾਇਰਮੈਂਟ ਬਕਾਇਆ ਅਦਾਇਗੀ, ਏਰੀਅਰ , ਸੀਨੀਆਰਤਾ ਸੂਚੀ ਸਹੀ ਕਰਨਾ, 10 ਸਾਲ ਪੂਰਾ ਕਰ ਚੁੱਕੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਡੇਲੀ ਫਿਕਸ ਕਰਮਚਾਰੀਆਂ ਦਾ ਅਗਲਾ ਚੈਨਲ ਅਡਾਪਟ ਕਰਨਾ, ਸਮੇਂ ਸਿਰ ਤਨਖਾਹਾਂ ਜਾਰੀ ਕਰਨ ਆਦਿ ਕੰਮਾਂ ਤੇ ਵਿਚਾਰ ਵਟਾਂਦਰਾ ਕਰਦਿਆਂ ਮੈਮੋਰੰਡਮ ਦਿੱਤਾ ਗਿਆ। ਵਾਇਸ ਚਾਂਸਲਰ ਡਾਕਟਰ ਜਗਦੀਪ ਸਿੰਘ ਨੇ ਮੁਲਾਜ਼ਮ ਆਗੂ ਰਾਜਿੰਦਰ ਸਿੰਘ ਬਾਗੜੀਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਗੈਰ ਅਧਿਆਪਨ ਕਾਮਿਆਂ ਦੇ ਕੰਮਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਹੱਲ ਕੀਤਾ ਜਾਵੇਗਾ। ਉਨ੍ਹਾਂ ਜਲਦ ਹੀ ਮੁਲਾਜ਼ਮਾਂ ਦੇ ਕੰਮਕਾਜ ਨੂੰ ਹੱਲ ਕਰਨ ਲਈ ਇਕ ਪੈਨਲ ਮੀਟਿੰਗ ਰਜਿਸਟਰਾਰ ਅਤੇ ਡੀਨ ਅਕਾਦਮਿਕ ਨਾਲ ਕਰਨ ਦਾ ਵਾਅਦਾ ਕੀਤਾ। ਕਰਮਚਾਰੀ ਸੰਘ ਦੇ ਵਫ਼ਦ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਸੁਝਾਅ ਵਾਇਸ ਚਾਂਸਲਰ ਸਾਹਮਣੇ ਰੱਖੇ। ਇਹਨਾਂ ਸਾਰੇ ਸੁਝਾਵਾਂ ਨੂੰ ਵਿਚਾਰਨ ਉਪਰੰਤ ਗੈਰ ਅਧਿਆਪਨ ਕਰਮਚਾਰੀ ਦੇ ਸਹਿਯੋਗ ਨਾਲ ਯੂਨੀਵਰਸਿਟੀ ਨੂੰ ਆਰਥਿਕ ਤੌਰ ਤੇ ਮਜਬੂਤ ਕੀਤਾ ਜਾਵੇਗਾ।