ਕੂੜਾ ਸਾੜਨ ਤੋਂ ਰੋਕਣ ਲਈ ਕਰਮਚਾਰੀਆਂ ਨੂੰ ਕੀਤਾ ਜਾਗਰੂਕ
ਕੂੜਾ ਸਾੜਨ ਤੋਂ ਰੋਕਣ ਤੇ ਹਵਾ ਗੁਣਵੱਤਾ ਦੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਕਰਮਚਾਰੀਆਂ ਨੂੰ ਕੀਤਾ ਜਾਗਰੂਕ
Publish Date: Fri, 01 May 2026 05:57 PM (IST)
Updated Date: Fri, 01 May 2026 05:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਭਾਰਤ ਵਿਚ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਕਰਦਿਆਂ , ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਰਾਜ ਦੀਆਂ ਸਾਰੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਵਿਚ 13,000 ਤੋਂ ਵੱਧ ਕੂੜਾ ਅਤੇ ਬਾਗਬਾਨੀ ਕਰਮਚਾਰੀਆਂ ਨੂੰ ਸਿਖਲਾਈ ਦੇ ਕੇ ਇਕ ਵਿਸ਼ਾਲ ਰਾਜ ਵਿਆਪੀ ਜਾਗਰੂਕਤਾ ਮੁਹਿੰਮ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਇਹ ਹਵਾ ਦੀ ਗੁਣਵੱਤਾ ਅਤੇ ਵਾਤਾਵਰਣ ਪ੍ਰਬੰਧਨ ਵਿਚ ਸੁਧਾਰ ਕਰਨ ਦੇ ਯਤਨਾਂ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ। ਸਿਖਲਾਈ ਦੀ ਸ਼ੁਰੂਆਤ ਨਵੰਬਰ 2025 ਵਿਚ ਪਟਿਆਲਾ ਵਿਖੇ ਮਿਸ਼ਨ ਕਲੀਨ ਏਅਰ ਪਟਿਆਲਾ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ ਸੀ, ਜਿਸਦਾ ਉਦਘਾਟਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ, ਮੈਂਬਰ ਸਕੱਤਰ ਲਵਨੀਤ ਦੂਬੇ ਤੇ ਪਟਿਆਲਾ ਦੇ ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਨੇ ਕੀਤਾ ਸੀ। ਉਦੋਂ ਤੋਂ, 216 ਬੈਚਾਂ ਵਿੱਚ, ਪੰਜਾਬ ਦੇ ਸਾਰੀਆਂ 166 ਸ਼ਹਿਰੀ ਸਥਾਨਕ ਸੰਸਥਾਵਾਂ ਵਿਚ 13,023 ਕੂੜਾ ਅਤੇ ਬਾਗਬਾਨੀ ਕਰਮਚਾਰੀਆਂ ਨੂੰ ਜਾਗਰੂਕ ਕੀਤਾ ਗਿਆ। ਪ੍ਰੋਗਰਾਮ ਵਿਗਿਆਨਕ ਕੂੜਾ ਪ੍ਰਬੰਧਨ, ਸਰੋਤ ਤੋਂ ਵੱਖਰਾ ਕਰਨਾ, ਕੂੜਾ ਸਾੜਨ ਤੋਂ ਰੋਕਣ ਅਤੇ ਕੁਸ਼ਲ ਨਿਪਟਾਰੇ ਦੇ ਤਰੀਕਿਆਂ ਤੇ ਕੇਂਦਰਿਤ ਸੀ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਪੰਜਾਬ ਵਿਚ ਹਵਾ ਦੀ ਗੁਣਵੱਤਾ ਦੇ ਕਈ ਅਧਿਐਨਾਂ ਨੇ ਨਗਰ ਨਿਗਮ ਦੇ ਠੋਸ ਕੂੜੇ ਨੂੰ ਖੁੱਲ੍ਹੇ ਵਿੱਚ ਸਾੜਨ ਨੂੰ ਹਵਾ ਪ੍ਰਦੂਸ਼ਣ ਦਾ ਇਕ ਵੱਡਾ ਕਾਰਨ ਮੰਨਿਆ ਹੈ। ਰੀਨਾ ਗੁਪਤਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਨਾ ਸਾੜਨ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਤੋਂ ਰੋਕਣ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਨੂੰ 25,000 ਰੁਪਏ ਤੱਕ ਦੇ ਚਲਾਨ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੂੜਾ ਸਾੜਨ ਵਾਲਿਆਂ ਦੀ ਸਥਾਨਕ ਅਧਿਕਾਰੀਆਂ ਜਾਂ ਬੋਰਡ ਨੂੰ ਇਸ ਦੀ ਰਿਪੋਰਟ ਕਰਨੀ ਚਾਹੀਦੀ ਹੈ।