ਪੰਜਾਬ ਸਰਕਾਰ ਲੋਕਾਂ ਦੇ ਮੁੱਦੇ ਹੱਲ ਕਰਨ ਵਿਚ ਨਾਕਾਮ: ਨਾਗਰਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਉਹ ਹਲਕਾ ਫਤਹਿਗੜ੍ਹ ਸਾਹਿਬ ਦੀ ਸੇਵਾ ਲਈ ਹਰ ਸਮੇਂ ਤਿਆਰ ਤੇ ਹਾਜ਼ਰ ਹਨ। ਉਨ੍ਹਾਂ ਇਹ ਵਿਚਾਰ ਬਲਾਕ ਖੇੜਾ ਦੇ ਪਿੰਡ ਹਰਨਾ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਹੋਈ ਇਕ ਅਹਿਮ ਮੀਟਿੰਗ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਮੌਜੂਦਾ ਸਰਕਾਰ ਹਰ ਮੋਰਚੇ ’ਤੇ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ ਅਤੇ ਕਿਸਾਨਾਂ, ਨੌਜਵਾਨਾਂ ਅਤੇ ਆਮ ਵਰਗ ਦੇ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਵੀ ਬਦ ਤੋਂ ਬਦਤਰ ਹੋ ਰਹੀ ਹੈ ਅਤੇ ਮਹਿੰਗਾਈ ਕਾਰਨ ਆਮ ਲੋਕ ਪਰੇਸ਼ਾਨ ਹਨ। ਸ: ਨਾਗਰਾ ਨੇ ਕਿਹਾ ਕਿ ਸਰਕਾਰ ਦੇ ਵਾਅਦੇ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਏ ਹਨ ਅਤੇ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਨਾਗਰਾ ਨੇ ਕਿਹਾ ਕਿ ਵਿਕਾਸ ਦੇ ਨਾਮ ’ਤੇ ਸਿਰਫ਼ ਐਲਾਨ ਕੀਤੇ ਜਾ ਰਹੇ ਹਨ, ਜਦਕਿ ਜ਼ਮੀਨੀ ਪੱਧਰ ’ਤੇ ਕੋਈ ਵੱਡਾ ਬਦਲਾਅ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਦਾ ਵਿਕਾਸ ਰੁਕ ਗਿਆ ਹੈ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਵਿਚ ਜਾ ਕੇ ਸਰਕਾਰ ਦੀਆਂ ਨਾਕਾਮੀਆਂ ਬਾਰੇ ਜਾਗਰੂਕ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ। ਇਸ ਦੌਰਾਨ ਮੀਟਿੰਗ ਵਿਚ ਹਲਕੇ ਦੇ ਵੱਖ-ਵੱਖ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਵਰਕਰਾਂ ਨੇ ਆਪਣੇ ਸੁਝਾਅ ਸਾਂਝੇ ਕੀਤੇ। ਨਾਗਰਾ ਨੇ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੇ ਰਹਿਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਕਰਦੇ ਰਹਿਣਗੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਲਈ ਲੜਦੀ ਰਹੇਗੀ। ਇਸ ਮੌਕੇ ਸਾਬਕਾ ਸਰਪੰਚ ਗੁਰਵਰਿੰਦਰ ਸਿੰਘ ਭਗੜਾਣਾ, ਸਾਬਕਾ ਸਰਪੰਚ ਦਵਿੰਦਰ ਸਿੰਘ ਜੱਲਾ, ਮਨਦੀਪ ਸਿੰਘ ਖੇੜਾ, ਹਰਪ੍ਰੀਤ ਸਿੰਘ ਗੋਗੀ, ਲਖਵਿੰਦਰ ਸਿੰਘ ਸਾਬਕਾ ਸਰਪੰਚ, ਮਾਸਟਰ ਰਵਿੰਦਰ ਸਿੰਘ ਹਰੀਪੁਰ, ਕੁਲਵੀਰ ਭੰਗੂ, ਹਰਦੀਪ ਸਿੰਘ ਤਿੰਬਰਪੁਰ, ਸੁਖਵੀਰ ਸਿੰਘ, ਇੰਦਰਜੀਤ ਸਿੰਘ ਸਿੱਧੜਾ, ਵਰਿੰਦਰ ਕੁਮਾਰ, ਹਰਦੀਪ ਚੰਦ, ਦਵਿੰਦਰ ਸ਼ਰਮਾ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਟਿਵਾਣਾ, ਨਾਹਰ ਮਾਸਟਰ, ਪਰਵਿੰਦਰ ਸਿੰਘ, ਭਿੰਦਰ ਸਿੰਘ, ਨੰਬਰਦਾਰ, ਕਰਤਾਰ ਸਿੰਘ ਪੰਚ, ਸੋਨੀ ਚੋਲਟੀਖੇੜੀ, ਗੁਰਮੁੱਖ ਸਿੰਘ, ਗੁਰਵਿੰਦਰ ਸਿੰਘ, ਜੀਤ ਸਿੰਘ, ਕਾਲਾ ਸਿੰਘ, ਗੁਰਜੰਟ ਸਿੰਘ, ਜਸਵੀਰ ਸਿੰਘ ਪੰਚ, ਮੇਵਾ ਸਿੰਘ ਬਰਾਸ, ਲਾਡੀ ਬਰਾਸ, ਗੁਰਜੀਤ ਸਿੰਘ ਨਰੈਣ ਆਦਿ ਮੌਜੂਦ ਸਨ।