ਰਾਜਿੰਦਰ ਰੋਹਿਲਾ ਨੇ ਪ੍ਰਧਾਨ ਅਹੁਦੇ ਦੀ ਚੁੱਕੀ ਸਹੁੰ
ਪੀਯੂ ਰਿਟਾਇਰਡ ਅਫਸਰਜ਼ ਵੈਲਫੇਅਰ ਐਸੋਸੀਏਸ਼ਨ ਦੀ ਨਵੀਂ ਟੀਮ ਨੇ ਸੰਭਾਲਿਆ ਕਾਰਜਭਾਰ
Publish Date: Sat, 09 May 2026 04:40 PM (IST)
Updated Date: Sat, 09 May 2026 04:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਰਿਟਾਇਰਡ ਅਫਸਰਜ਼ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਨਵੀਂ ਚੁਣੀ ਗਈ ਕਾਰਜਕਾਰੀ ਟੀਮ ਨੂੰ ਇਕ ਸਨਮਾਨਪੂਰਵਕ ਸਮਾਗਮ ਦੌਰਾਨ ਸਹੁੰ ਚੁਕਾਈ ਗਈ। ਚੋਣ ਕਮਿਸ਼ਨਰ ਇੰਦਰਜੀਤ ਸਿੰਘ ਚੋਪੜਾ ਵੱਲੋਂ ਸੰਵਿਧਾਨਿਕ ਮਰਿਆਦਾ ਅਨੁਸਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਰਾਜਿੰਦਰ ਕੁਮਾਰ ਰੋਹਿਲਾ ਤੇ ਮੀਤ ਪ੍ਰਧਾਨ ਅਵਤਾਰ ਸਿੰਘ ਨੂੰ ਅਹੁਦੇ ਦੀ ਸਹੁੰ ਦਿਵਾਈ ਗਈ। ਇਸ ਮੌਕੇ ਪ੍ਰਧਾਨ ਰਾਜਿੰਦਰ ਕੁਮਾਰ ਰੋਹਿਲਾ ਵੱਲੋਂ ਐਸੋਸੀਏਸ਼ਨ ਦੇ ਸੰਵਿਧਾਨ ਦੀ ਵਿਵਸਥਾ ਅਨੁਸਾਰ ਮੀਤ ਪ੍ਰਧਾਨ ਦੀ ਸਲਾਹ ਨਾਲ ਹੋਰ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ। ਨਵੀਂ ਟੀਮ ਵਿਚ ਗੱਜਣ ਸਿੰਘ ਨੂੰ ਜਨਰਲ ਸਕੱਤਰ, ਮਨਜੀਤ ਸਿੰਘ ਭਾਟੀਆ ਨੂੰ ਜੁਆਇੰਟ ਸਕੱਤਰ, ਤਰਸੇਮ ਲਾਲ ਭਾਰਦਵਾਜ ਨੂੰ ਵਿੱਤ ਸਕੱਤਰ ਤੇ ਗੁਰਦੀਪ ਸਿੰਘ ਚੋਪੜਾ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ 10 ਕਾਰਜਕਾਰੀ ਮੈਂਬਰ ਵੀ ਨਾਮਜ਼ਦ ਕੀਤੇ ਗਏ ਅਤੇ ਇਨ੍ਹਾਂ ਨੂੰ ਪ੍ਰਧਾਨ ਰੋਹਿਲਾ ਵੱਲੋਂ ਸਹੁੰ ਚੁਕਾਈ ਗਈ। ਸਮਾਗਮ ਦੌਰਾਨ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਜੋਸ਼ਨ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਰਜਿੰਦਰ ਸਿੰਘ ਜੋਸ਼ਨ ਤੇ ਚੋਣ ਕਮਿਸ਼ਨਰ ਇੰਦਰਜੀਤ ਸਿੰਘ ਚੋਪੜਾ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ। ਨਵੇਂ ਪ੍ਰਧਾਨ ਰਾਜਿੰਦਰ ਕੁਮਾਰ ਰੋਹਿਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਗੇ। ਸਮਾਗਮ ਦੌਰਾਨ ਮੰਚ ਦਾ ਸੰਚਾਲਨ ਜਨਰਲ ਸਕੱਤਰ ਗੱਜਣ ਸਿੰਘ ਨੇ ਕੀਤਾ ਗਿਆ। ਇਸ ਮੌਕੇ ਮੀਤ ਪ੍ਰਧਾਨ ਅਵਤਾਰ ਸਿੰਘ, ਸਾਬਕਾ ਮੀਤ ਪ੍ਰਧਾਨ ਜਸਪਾਲ ਸਿੰਘ ਕੋਛੜ ਤੇ ਬਲਵੰਤ ਸਿੰਘ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਾਰੇ ਬੁਲਾਰਿਆਂ ਨੇ ਭਾਈਚਾਰਕ ਸਾਂਝ, ਏਕਤਾ ਤੇ ਮਿਲਜੁਲ ਕੇ ਐਸੋਸੀਏਸ਼ਨ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ। ਸਹੁੰ ਚੁੱਕ ਸਮਾਗਮ ਵਿਚ ਲਗਭਗ 200 ਮੈਂਬਰਾਂ ਨੇ ਸ਼ਿਰਕਤ ਕੀਤੀ।