ਪੀਯੂ ਦੀਆਂ ਟੀਮਾਂ ਨੇ ਯੁਵਕ ਮੇਲੇ ’ਚ ਮਾਰੀਆਂ ਮੱਲਾਂ
ਪੀਯੂ ਦੀਆਂ ਟੀਮਾਂ ਨੇ ਤਮਿਲਨਾਡੂ ਵਿਖੇ ਹੋਏ ਨੈਸ਼ਨਲ ਇੰਟਰ ਯੂਨੀਵਰਸਿਟੀ ਯੁਵਕ ਮੇਲੇ ਵਿੱਚ ਮਾਰੀਆਂ ਮੱਲਾਂ
Publish Date: Tue, 17 Mar 2026 06:04 PM (IST)
Updated Date: Tue, 17 Mar 2026 06:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀਆਂ ਟੀਮਾਂ ਨੇ ਤਮਿਲਨਾਡੂ ਦੇ ਚੇਨੱਈ ਵਿਖੇ ਹੋਏ 39ਵੇਂ ਏ.ਆਈ.ਯੂ. ਨੈਸ਼ਨਲ ਇੰਟਰ ਯੂਨੀਵਰਸਿਟੀ ਯੁਵਕ ਮੇਲੇ ਦੌਰਾਨ ਨੌਂ ਕਲਾਤਮਿਕ ਵੰਨਗੀਆਂ ਵਿੱਚ ਭਾਗ ਲਿਆ ਅਤੇ ਇਨ੍ਹਾਂ ਸਾਰੀਆਂ ਹੀ ਵੰਨਗੀਆਂ ਵਿਚ ਜਿੱਤ ਪ੍ਰਾਪਤ ਕੀਤੀ। ਸਤਿਆਬਾਮਾਂ ਯੂਨੀਵਰਸਿਟੀ,ਚੇਨੱਈ ’ਚ ਹੋਏ ਇਸ ਯੁਵਕ ਮੇਲੇ ਦੌਰਾਨ ਪੰਜਾਬੀ ਯੂਨੀਵਰਸਿਟੀ ਨੇ ਇੰਡੀਅਨ ਗਰੁੱਪ ਸੌਂਗ, ਕਲਾਸੀਕਲ ਡਾਂਸ ਅਤੇ ਮਿਮਿਕਰੀ ਵਿਚ ਪਹਿਲਾ ਸਥਾਨ, ਕਲਾਸੀਕਲ ਵੋਕਲ, ਫੋਕ ਆਰਕੈਸਟਰਾ ਅਤੇ ਰੰਗੋਲੀ ਵਿਚ ਦੂਜਾ ਸਥਾਨ, ਕਾਰਟੂਨਿੰਗ ਵਿਚ ਤੀਜਾ ਸਥਾਨ ਅਤੇ ਕੋਲਾਜ ਅਤੇ ਪੋਸਟਰ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਇਹ ਪੰਜਾਬੀ ਯੂਨੀਵਰਸਿਟੀ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਦਿਆਰਥੀਆਂ ਨੇ ਕੌਮੀ ਪੱਧਰ ਤੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਇਹ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਮਕਸਦ ਸਿਰਫ਼ ਅਕਾਦਮਿਕ ਸਿੱਖਿਆ ਦੇਣਾ ਹੀ ਨਹੀਂ, ਸਗੋਂ ਵਿਦਿਆਰਥੀਆਂ ਦੀਆਂ ਅੰਦਰੂਨੀ ਕਲਾਤਮਿਕ ਰੁਚੀਆਂ ਨੂੰ ਨਿਖਾਰਨਾ ਵੀ ਹੈ। ਅਜਿਹੀਆਂ ਪ੍ਰਾਪਤੀਆਂ ਨੇ ਸਾਬਤ ਕਰਦੀਆਂ ਹਨ ਕਿ ਸਾਡੇ ਨੌਜਵਾਨ ਆਪਣੀ ਵਿਰਾਸਤ ਅਤੇ ਕਲਾ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਹਨ। ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮ ਇੰਦਰ ਸਿੰਘ ਨੇ ਦੱਸਿਆ ਕਿ ਭਾਰਤ ਦੀਆਂ ਲਗਭਗ 150 ਯੂਨੀਵਰਸਿਟੀਆਂ ਤੋਂ ਲਗਭਗ 2500 ਵਿਦਿਆਰਥੀਆਂ ਨੇ ਆਪੋ ਆਪਣੇ ਜ਼ੋਨ ਵਿੱਚੋਂ ਜੇਤੂ ਹੋ ਕੇ ਇਸ ਕੌਮੀ ਪੱਧਰ ਦੇ ਯੁਵਕ ਮੇਲੇ ’ਚ ਹਿੱਸਾ ਲਿਆ ਸੀ। ਜ਼ਿਕਰਯੋਗ ਹੈ ਕਿ ਇਨ੍ਹਾਂ ਕਲਾਤਮਿਕ ਵੰਨਗੀਆਂ ਦੀ ਤਿਆਰੀ ਪ੍ਰੋ ਨਿਵੇਦਿਤਾ ਸਿੰਘ ਉੱਪਲ, ਡਾ. ਡੈਨੀ ਸ਼ਰਮਾ, ਵਿਜੇ ਯਮਲਾ, ਡਾ ਅਰਸ਼ ਕੌਰ ਭੱਟੀ, ਡਾ ਰਾਜਿੰਦਰ ਸੋਹਲ, ਡਾ. ਹਰਿੰਦਰ ਹੁੰਦਲ ਨੇ ਕਰਵਾਈ ਸੀ। ਇਨ੍ਹਾਂ ਟੀਮਾਂ ਨਾਲ਼ ਯੂਨੀਵਰਸਿਟੀ ਤੋਂ ਜਾਣ ਵਾਲੇ ਕਰਮਚਾਰੀਆਂ ਵਿੱਚ ਡਾ. ਜੇ.ਪੀ. ਸਿੰਘ, ਰੂਬਲ ਪ੍ਰੋ. ਅਦਲ ਅਤੇ ਰਮਨ ਵੜੈਚ ਸ਼ਾਮਿਲ ਸਨ।