ਡਾਇਰੈਕਟਰ ਜਨਰੇਸ਼ਨ ਦੀ ਨਿਯੁਕਤੀ ਪ੍ਰਕਿਰਿਆ 'ਤੇ ਚੁੱਕੇ ਸਵਾਲ
ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਡਾਇਰੈਕਟਰ ਜਨਰੇਸ਼ਨ ਦੀ ਨਿਯੁਕਤੀ ਪ੍ਰਕਿਰਿਆ 'ਤੇ ਚੁੱਕੇ ਸਵਾਲ
Publish Date: Sun, 10 May 2026 04:44 PM (IST)
Updated Date: Sun, 10 May 2026 04:45 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਸਟੇਟ ਬਿਜਲੀ ਬੋਰਡ ਇੰਜੀਨੀਅਰਜ਼ ਐਸੋਸੀਏਸ਼ਨ ਨੇ ਪੀਐੱਸਪੀਸੀਐੱਲ ਵਿਚ ਡਾਇਰੈਕਟਰ ਜਨਰੇਸ਼ਨ ਦੀ ਨਿਯੁਕਤੀ ਨੂੰ ਲੈ ਕੇ ਚੱਲ ਰਹੀ ਪ੍ਰਕਿਰਿਆ ਤੇ ਗੰਭੀਰ ਇਤਰਾਜ਼ ਜਤਾਇਆ ਹੈ। ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਰਸਮੀ ਪੱਤਰ ਲਿਖ ਕੇ ਦੋਸ਼ ਲਾਇਆ ਹੈ ਕਿ ਇਸ ਅਹਿਮ ਅਹੁਦੇ ਲਈ ਚੋਣ ਪ੍ਰਕਿਰਿਆ ’ਚ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਐਸੋਸੀਏਸ਼ਨ ਅਨੁਸਾਰ 8 ਮਈ 2024 ਨੂੰ ਪੰਜਾਬ ਦੇ ਬਿਜਲੀ ਮੰਤਰੀ ਵੱਲੋਂ ਚੀਫ ਇੰਜੀਨੀਅਰ ਅਤੇ ਇੰਜੀਨੀਅਰ-ਇਨ-ਚੀਫ ਰੈਂਕ ਦੇ ਅਧਿਕਾਰੀਆਂ ਨਾਲ ਇੱਕ ਗੈਰ-ਅਧਿਕਾਰਤ ਗੱਲਬਾਤ ਜਾਂ ਇੰਟਰਵਿਊ ਕੀਤੀ ਗਈ। ਪੱਤਰ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਨਿਯਮਾਂ ਅਨੁਸਾਰ ਕੇਵਲ ਇੱਕ ਉੱਚ-ਪੱਧਰੀ ਚੋਣ ਕਮੇਟੀ ਜਿਸ ’ਚ ਮੁੱਖ ਸਕੱਤਰ, ਬਿਜਲੀ ਸਕੱਤਰ ਅਤੇ ਕੇਂਦਰ ਸਰਕਾਰ ਦੇ ਮਾਹਰ ਸ਼ਾਮਲ ਹੁੰਦੇ ਹਨ, ਨੂੰ ਹੀ ਅਜਿਹੀਆਂ ਨਿਯੁਕਤੀਆਂ ਲਈ ਉਮੀਦਵਾਰਾਂ ਦੀ ਪਰਖ ਅਤੇ ਸਿਫਾਰਸ਼ ਕਰਨ ਦਾ ਅਧਿਕਾਰ ਹੈ। ਇੰਜੀਨੀਅਰਾਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਨਿਰਧਾਰਤ ਢਾਂਚੇ ਤੋਂ ਬਾਹਰ ਜਾ ਕੇ ਕੀਤੀਆਂ ਜਾ ਰਹੀਆਂ ਅਜਿਹੀਆਂ ਮੀਟਿੰਗਾਂ ਅਧਿਕਾਰਤ ਚੋਣ ਕਮੇਟੀ ਤੇ ਬੇਲੋੜਾ ਦਬਾਅ ਪਾਉਣ ਦੀ ਕੋਸ਼ਿਸ਼ ਹੋ ਸਕਦੀਆਂ ਹਨ, ਜੋ ਕਿ ਪਾਰਦਰਸ਼ੀ ਚੋਣ ਪ੍ਰਕਿਰਿਆ ਦੇ ਖਿਲਾਫ ਹੈ। ਐਸੋਸੀਏਸ਼ਨ ਨੇ ਸੀਐਮਡੀ ਅਤੇ ਡਾਇਰੈਕਟਰਾਂ ਦੀ ਯੋਗਤਾ ਦੀਆਂ ਸ਼ਰਤਾਂ ’ਚ ਕੀਤੀਆਂ ਸੋਧਾਂ ਨੂੰ ਵੀ ਗੈਰ-ਕਾਨੂੰਨੀ ਦੱਸਿਆ ਹੈ ਅਤੇ ਇਹਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਸ ਗੈਰ-ਅਧਿਕਾਰਤ ਪ੍ਰਕਿਰਿਆ ਨੂੰ ਤੁਰੰਤ ਰੋਕਿਆ ਜਾਵੇ। ਡਾਇਰੈਕਟਰ ਦੀ ਚੋਣ ਪੂਰੀ ਤਰ੍ਹਾਂ ਨਿਰਪੱਖ ਅਤੇ ਤਕਨੀਕੀ ਮਾਪਦੰਡਾਂ ਦੇ ਅਧਾਰ ਤੇ ਕੀਤੀ ਜਾਵੇ।