ਭਾਕਿਯੂ ਵੱਲੋ ਸੰਗਰੂਰ ’ਚ ਸੂਬਾਈ ਚੇਤਨਾ ਕਨਵੈਂਨਸ਼ਨ
ਭਾਕਿਯੂ ਵੱਲੋ ਸੰਗਰੂਰ ’ਚ ਸੂਬਾਈ ਚੇਤਨਾ ਕਨਵੈਂਨਸ਼ਨ
Publish Date: Sun, 10 May 2026 05:12 PM (IST)
Updated Date: Mon, 11 May 2026 04:03 AM (IST)

ਸਮੁੱਚੇ ਪਾਣੀ ਸੰਕਟ ਦੇ ਹੱਲ ਲਈ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਰੱਦ ਕਰਨ ਦੀ ਲੋੜ ’ਤੇ ਜ਼ੋਰ ਜਸਵੀਰ ਸਿੰਘ, ਪੰਜਾਬੀਲ ਜਾਗਰਣ, ਸੰਗਰੂਰ : ਦਰਿਆਈ ਪਾਣੀਆਂ ਦੀ ਵੰਡ ਦੇ ਰੱਟੇ ਦੇ ਵਾਜਬ ਤੇ ਨਿਆਈਂ ਨਿਪਟਾਰੇ ਨਾਲ ਜੁੜੇ ਮੁੱਦਿਆਂ ਤੇ ਸਮੁੱਚੇ ਪਾਣੀ ਸੰਕਟ ਦੇ ਹੱਲ ਦੀਆਂ ਮੰਗਾਂ ਨੂੰ ਉਭਾਰਨ ਲਈ ਐਤਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸੂਬਾਈ ਚੇਤਨਾ ਕਨਵੈਂਨਸ਼ਨ ਕੀਤੀ ਗਈ। ਜਥੇਬੰਦੀ ਨੇ ਦਰਿਆਈ ਪਾਣੀਆਂ ਦੀ ਵੰਡ ਦੇ ਮਸਲੇ ਨੂੰ ਲੋਕ ਮੁਖੀ ਤੇ ਸੂਬਿਆਂ ਦੇ ਕਿਸਾਨਾਂ ਦੀ ਆਪਸੀ ਏਕਤਾ ਦੇ ਚੌਖਟੇ ’ਚ ਹੱਲ ਕਰਨ ਦੀ ਪਹੁੰਚ ਉਭਾਰੀ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਬੀਬੀਐੱਮਬੀ ਦੇ ਪ੍ਰਬੰਧਕੀ ਢਾਂਚੇ ਵਿਚ ਕੇਂਦਰੀ ਕੰਟਰੋਲ ਵਧਾਉਣ ਦੇ ਮੋਦੀ ਹਕੂਮਤ ਦੇ ਮਨਸੂਬਿਆਂ ਦੀ ਨਿੰਦਾ ਕਰਦਿਆਂ ਅਜਿਹੇ ਕਦਮ ਰੋਕਣ ਦੀ ਮੰਗ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਤੇ ਹਰਿਆਣੇ ਦੀ ਸਥਾਈ ਮੈਂਬਰੀ ਦਾ ਖਾਤਮਾ ਕਰਕੇ ਇਸਦੀ ਮੈਨੇਜਮੈਂਟ ਅੰਦਰ ਆਪਣਾ ਦਖਲ ਵਧਾ ਰਹੀ ਹੈ ਤਾਂ ਕਿ ਇਸ ਨੂੰ ਰੱਟੇ ਵਾਲੇ ਮੁੱਦੇ ਵਜੋਂ ਹੋਰ ਜ਼ਿਆਦਾ ਵਰਤਿਆ ਜਾ ਸਕੇ। ਉਨ੍ਹਾਂ ਸਮੁੱਚੇ ਪਾਣੀ ਸੰਕਟ ਦੀ ਤਸਵੀਰ ਪੇਸ਼ ਕਰਦਿਆਂ ਕਿਹਾ ਕਿ ਦਰਿਆਈ ਪਾਣੀਆਂ ਦੀ ਵੰਡ ਦਾ ਰੱਟਾ ਸਮੁੱਚੇ ਪਾਣੀ ਸੰਕਟ ਦੇ ਵਿੱਚ ਇੱਕ ਮੁੱਦਾ ਹੈ ਜਦ ਕਿ ਦੋਵਾਂ ਸੂਬਿਆਂ ਦੇ ਕਿਸਾਨਾਂ ਲਈ ਤੇ ਆਮ ਲੋਕਾਂ ਲਈ ਜਲ ਸੰਕਟ ਦੀਆਂ ਬਹੁਤ ਪਰਤਾਂ ਤੇ ਪਸਾਰ ਹਨ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਦਰਿਆਈ ਪਾਣੀਆਂ ਦੀ ਵੰਡ ਵਾਲੇ ਮਸਲੇ ਨੂੰ ਸਿੰਧ ਨਦੀ ਜਲ ਸੰਧੀ ਦੇ ਹਵਾਲੇ ਨਾਲ ਜੋੜ ਕੇ ਨਜਿੱਠਿਆ ਜਾਣਾ ਚਾਹੀਦਾ ਹੈ। ਰਾਜਸਥਾਨ ਤੇ ਹਰਿਆਣੇ ਚ ਵਰਤੇ ਜਾ ਰਹੇ ਪਾਣੀ ਦਾ ਪਹਿਲੂ ਸਿੰਧ ਨਦੀ ਜਲ ਸੰਧੀ ਵਿੱਚ ਭਾਰਤ ਅੰਦਰ ਪਾਣੀ ਦੀ ਵਰਤੋਂ ਦੇ ਦਾਅਵਿਆਂ ਦੇ ਪ੍ਰਸੰਗ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ। ਜਥੇਬੰਦੀ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਸਮੁੱਚੇ ਜਲ ਸੰਕਟ ਤੇ ਦਰਿਆਈ ਪਾਣੀਆਂ ਦੇ ਰੱਟੇ ਦੇ ਹੱਲ ਨਾਲ ਸਬੰਧਿਤ ਮੰਗਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਦਰਿਆਈ ਪਾਣੀਆਂ ਦਾ ਰੱਟਾ ਦੋਹਾਂ ਸੂਬਿਆਂ ਦੇ ਦਾਅਵਿਆਂ ਦਾ ਸੰਨ੍ਹ ਮੇਲ ਭਰਾਤਰੀ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ। ਇਸ ਲਈ ਨਿਰਪੱਖ ਪਾਣੀ ਮਾਹਰਾਂ , ਵਿਗਿਆਨੀਆਂ ਤੇ ਸਰਵ-ਪ੍ਰਵਾਨਤ ਸਮਾਜਿਕ ਸ਼ਖਸ਼ੀਅਤਾਂ ਤੇ ਆਧਾਰਤ ਟੀਮਾਂ ਬਣਾਉਣ ਦੀ ਲੋੜ ਹੈ ਜਿਨਾਂ ਚੋਂ ਭਟਕਾਊ ਸਿਆਸਤਦਾਨਾਂ ਤੇ ਵਿਕਾਊ ਅਫਸਰਸ਼ਾਹੀ ਨੂੰ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਦਰਿਆਈ ਪਾਣੀਆਂ ਦੀ ਵੰਡ ਨਾਲ ਜੁੜੇ ਮੁੱਦੇ ਉਭਾਰਨ ਵੇਲੇ ਮੁਲਕ ਪੱਧਰੀ ਕਿਸਾਨ ਏਕਤਾ ਦੇ ਇਸ ਪਹਿਲੂ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਹਾਕਮ ਜਮਾਤਾਂ ਵਾਲੀ ਫਿਰਕੂ ਤੇ ਸੌੜੀ ਇਲਾਕਾਈ ਪਹੁੰਚ ਨਾਲੋਂ ਨਿਖੇੜਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਜਥੇਬੰਦੀ ਵੱਲੋਂ ਇਹ ਸਰੋਕਾਰ ਸੰਯੁਕਤ ਕਿਸਾਨ ਮੋਰਚੇ ਚ ਵੀ ਰੱਖੇ ਜਾ ਰਹੇ ਹਨ। ਉਹਨਾਂ ਕਿਹਾ ਕਿ ਬੀਕੇਯੂ ਏਕਤਾ (ਉਗਰਾਹਾਂ) 15 ਮਈ ਨੂੰ ਚੰਡੀਗੜ੍ਹ ਚ ਹੋ ਰਹੇ ਰੋਸ ਪ੍ਰਦਰਸ਼ਨ ਵਿੱਚ ਇਹਨਾਂ ਸਰੋਕਾਰਾਂ ਸਮੇਤ ਸ਼ਾਮਿਲ ਹੋਵੇਗੀ।