ਵੇਰਕਾ ਆਊਟਸੋਰਸ ਕਾਮਿਆਂ ਨੇ ਸਰਹਿੰਦ ਰੋਡ ਕੀਤਾ ਜਾਮ
ਵੇਰਕਾ ਆਊਟਸੋਰਸ ਕਾਮਿਆਂ ਨੇ ਸਰਹਿੰਦ ਰੋਡ ਕੀਤਾ ਜਾਮ
Publish Date: Fri, 22 May 2026 07:45 PM (IST)
Updated Date: Sat, 23 May 2026 04:13 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਵੇਰਕਾ ਮਿਲਕ ਪਲਾਂਟ ਪਟਿਆਲਾ ਦੇ ਆਊਟਸੋਰਸ ਕਰਮਚਾਰੀਆਂ ਵੱਲੋਂ ਸ਼ੁੱਕਰਵਾਰ ਨੂੰ ਅੱਤ ਦੀ ਗਰਮੀ ਦੌਰਾਨ ਵੇਰਕਾਂ ਪਲਾਂਟ ਦੇ ਮੁੱਖ ਗੇਟ ਦੇ ਸਾਹਮਣੇ ਵੇਰਕਾ ਆਊਟਸੋਰਸ ਮੁਲਾਜ਼ਮ ਯੂਨੀਅਨ ਦੇ ਬੈਨਰ ਹੇਠ ਪਟਿਆਲਾ-ਸਰਹਿੰਦ ਰੋਡ ਜਾਮ ਕਰ ਕੇ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਧਰਨਾਕਾਰੀ ਕਾਮਿਆਂ ਵੱਲੋਂ ਲੰਬਾ ਸਮਾਂ ਰੋਡ ਜਾਮ ਕਰ ਕੇ ਆਪਣੀਆਂ ਮੰਗਾਂ ਦੀ ਬਹਾਲੀ ਲਈ ਰੋਸ਼ ਪ੍ਰਦਰਸਨ ਕੀਤਾ। ਇਸ ਦੌਰਾਨ ਬਾਅਦ ਦੁਪਹਿਰ ਉਕਤ ਧਰਨਾਕਾਰੀ ਕਾਮਿਆਂ ਦੀ ਮੈਨੇਜਮੈਂਟ ਨਾਲ ਬੈਠਕ ਹੋਈ, ਜਿਸ ਦੌਰਾਨ ਮੰਗਾਂ ਸਬੰਧੀ ਵਿਚਾਰ-ਵਟੰਦਰਾ ਕੀਤਾ ਗਿਆ ਪਰ ਦੇਰ ਸ਼ਾਮ ਤੱਕ ਕੋਈ ਗੱਲ ਸਿਰੇ ਨਾ ਚੜ੍ਹਨ ਕਾਰਨ ਧਰਨਾ ਜਾਰੀ ਰਿਹਾ। ਇਸ ਸਬੰਧੀ ਉਕਤ ਧਰਨਾ ਪ੍ਰਦਰਸਨ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਆਉਟਸੋਰਸ ਰਾਹੀ ਵੇਰਕਾ ਮਿਲਕ ਪਲਾਂਟ ’ਚ ਲੱਗਭਗ 150 ਤੋਂ ਵੱਧ ਆਊਟਸੋਰਸ ਕਰਮਚਾਰੀ ਕੰਮ ਕਰ ਰਹੇ ਹਨ ਤੇ ਬੀਤੀ 13 ਮਈ ਨੂੰ ਉਨ੍ਹਾਂ ਵੱਲੋਂ ਮੋਹਾਲੀ ਵਿਖੇ ਰੋਸ਼ ਪ੍ਰਦਰਸ਼ਨ ਕਰਦਿਆਂ ਪੱਕੇ ਹੋਣ ਦੀ ਮੰਗ ਰੱਖੀ ਗਈ ਸੀ ਤੇ ਮੈਨੇਜਮੈਂਟ ਨਾਲ ਗੱਲਬਾਤ ਹੋਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਕਤ ਆਊਟਸੋਰਸ ਕਰਮਚਾਰੀ ਅੱਜ ਕੰਮ ’ਤੇ ਪਹੁੰਚੇ ਤਾਂ ਵੇਰਕਾ ਮਿਲਕ ਪਲਾਂਟ ਦੀ ਮੈਨੇਜਮੈਂਟ ਨੇ ਉਨ੍ਹਾਂ ਨੂੰ ਕੰਮ ਕਰਨ ਤੋਂ ਨਾਹ ਕਰ ਦਿੱਤੀ ਤੇ ਆਖਿਆ ਕਿ ਉਨ੍ਹਾਂ ਨੂੰ ਨੋਕਰੀ ਤੋਂ ਬਰਖਾਸਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਆਖਿਆ ਕਿ ਜਦੋਂ ਇਸ ਸਬੰਧੀ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤੁਸੀ ਠੇਕੇਦਾਰੀ ਤਹਿਤ ਆਊਟਸੋਰਸ ’ਤੇ ਕੰਮ ਕਰ ਰਹੇ ਹੋ ਤੇ ਸਬੰਧਿਤ ਠੇਕੇਦਾਰ ਨਾਲ ਗੱਲ ਕਰੋਂ, ਕਿਉਂਕਿ ਤੁਸੀ ਹੜਤਾਲ ਨਹੀਂ ਕਰ ਸਕਦੇ। ਉਨ੍ਹਾਂ ਦੱਸਿਆ ਕਿ ਇਸ ਦੇ ਵਿਰੋਧ ’ਚ 150 ਦੇ ਲੱਗਭਗ ਆਊਟਸੋਰਸ ਕਾਮੇ ਸਾਰਾ ਦਿਨ ਤੋਂ ਹੜਤਾਲ ’ਤੇ ਬੈਠੇ ਹਨ। ਪ੍ਰਧਾਨ ਹਰਪ੍ਰੀਤ ਸਿੰਘ ਨੇ ਆਖਿਆ ਕਿ ਬਾਅਦ ਦੁਪਹਿਰ ਪਲਾਂਟ ਦੇ ਐੱਮਡੀ ਨਾਲ ਮੀਟਿੰਗ ਹੋਈ ਸੀ ਤੇ ਉਨ੍ਹਾਂ ਸ਼ਰਤ ਰੱਖੀ ਸੀ ਕਿ ਕਰਮਚਾਰੀ ਲਿਖਤੀ ਦੇਣ ਕਿ ਅੱਗੇ ਤੋਂ ਹੜਤਾਲ ਨਹੀਂ ਕਰਨਗੇ। ਉਨ੍ਹਾਂ ਆਖਿਆ ਕਿ ਮੈਨੇਜਮੈਂਟ ਚਾਹੁੰਦੀ ਹੈ ਕਿ ਥੋੜ੍ਹੇ-ਥੋੜ੍ਹੇ ਮੁਲਾਜ਼ਮਾਂ ਨੂੰ ਮੁੜ ਜੁਆਇਨ ਕਰਵਾਇਆ ਜਾਵੇਗਾ ਪਰ ਯੂਨੀਅਨ ਦਾ ਫੈਸਲਾ ਹੈ ਕਿ ਜਦੋਂ ਵੀ ਜੁਆਇਨ ਕਰਾਂਗੇ ਤਾਂ ਸਾਰੇ ਮੁਲਾਜ਼ਮ ਇਕੱਠੇ ਜੁਆਇਨ ਕਰਨਗੇ।