ਨਿੱਜੀ ਸਕੂਲਾਂ ਦੀ ਮਨਮਰਜ਼ੀਆਂ ਖਿਲਾਫ਼ ਫੁੱਕਿਆ ਸਿੱਖਿਆ ਮੰਤਰੀ ਦਾ ਪੁਤਲਾ

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਪਟਿਆਲਾ ਸ਼ਹਿਰ ਦੀ ਸਰਗਰਮ ਸੰਸਥਾ ਮਰੀਜ਼ ਮਿੱਤਰਾ ਦੀ ਅਗਵਾਈ ਵਿਚ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਵਲੋਂ ਡੀਈਓ ਦਫ਼ਤਰ ਦੇ ਬਾਹਰ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸੰਸਥਾ ਵਲੋਂ ਇਕ ਵੱਡਾ ਕਾਫਲਾ ਮੁਰਦਾਬਾਦ ਦੇ ਨਾਅਰੇ ਬੁਲੰਦ ਕਰਦਾ ਹੋਇਆ ਕਾਲੇ ਝੰਡੇ ਹੱਥਾਂ ’ਚ ਫੜਕੇ ਸਨੋਰੀ ਅੱਡੇ ਤੋਂ ਚਲ ਕੇ ਸ਼ਹੀਦ ਭਗਤ ਸਿੰਘ ਸਿੰਘ ਚੌਕ, ਮਹਿੰਦਰਾ ਕਾਲਜ, ਮੋਦੀ ਕਾਲਜ ਚੌਕ, ਫਵਾਰਾ ਚੌਂਕ ਤੋਂ ਹੁੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਦਫ਼ਤਰ ਲੀਲ੍ਹਾ ਭਵਨ ਨੇੜੇ ਪਹੁੰਚਿਆ। ਇਸ ਮੌਕੇ ਸੰਸਥਾਵਾਂ ਵਲੋਂ ਜ਼ਿਲ੍ਹਾ ਸਿੱਖਿਆ ਅਫਸਰ ਪਟਿਆਲਾ ਸੰਜੀਵ ਸ਼ਰਮਾ ਨੂੰ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਕਿ ਫੀਸ ਰੈਗੂਲੇਟਰੀ ਐਕਟ-19 ਤੁਰੰਤ ਲਾਗੂ ਕੀਤਾ ਜਾਵੇ ਤੇ ਪ੍ਰਾਈਵੇਟ ਸਕੂਲਾਂ ਦੀ ਧੱਕੇਸ਼ਾਹੀ ਤੇ ਮਨਮਰਜ਼ੀਆਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਨਹੀਂ ਤਾਂ ਸੰਸਥਾ ਮਰੀਜ਼ ਮਿਤਰਾ ਦੀ ਅਗਵਾਈ ਹੇਠ 100 ਸੰਸਥਾਵਾਂ ਦਾ ਇਕ ਜੱਥਾ ਸਿੱਖਿਆ ਅਫ਼ਸਰ ਦਫ਼ਤਰ ਦੇ ਬਾਹਰ ਮਰਨ ਵਰਤ ’ਤੇ ਬੈਠਣ ਲਈ ਤਿਆਰ ਹੈ। ਇਸ ਮੌਕੇ ਸੰਸਥਾਵਾਂ ਨੂੰ ਸਿੱਖਿਆ ਅਫ਼ਸਰ ਵਲੋਂ ਤੁਰੰਤ ਕਾਰਵਾਈ ਦਾ ਭਰੋਸਾ ਵੀ ਦਿੱਤਾ ਗਿਆ ਹੈ। ਇਸ ਮੌਕੇ ਸੰਸਥਾ ਮਰੀਜ਼ ਮਿਤਰਾ ਪ੍ਰਧਾਨ ਗੁਰਮੁੱਖ ਗੁਰੂ ਨੇ ਕਿਹਾ ਕਿ ਫੀਸ ਰੈਗੂਲੇਟਰੀ ਐਕਟ ਲਾਗੂ ਨਾ ਹੋਣਾ ਤੇ ਪ੍ਰਾਈਵੇਟ ਸਕੂਲਾਂ ਦੀਆਂ ਮਨਮਰਜ਼ੀਆਂ ਲਈ ਸਿੱਧੇ ਤੌਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਫੀਸ ਰੈਗੂਲੇਟਰੀ ਐਕਟ -2019 ਦੇ ਤਹਿਤ ਕੋਈ ਵੀ ਨਿੱਜੀ ਸਕੂਲ ਮਹੀਨਾਵਾਰ ਫੀਸ ਤੋਂ ਇਲਾਵਾ ਹੋਰ ਕੋਈ ਸਲਾਨਾ ਫੀਸ ਜਾਂ ਫੰਡ ਨਹੀਂ ਲੈ ਸਕਦਾ, ਨਿੱਜੀ ਸਕੂਲ ਦੋ ਸਾਲ ਤਕ ਕਿਤਾਬਾਂ ਤੇ ਵਰਦੀਆਂ ਨਹੀਂ ਬਦਲ ਸਕਦੇ, ਨਿੱਜੀ ਸਕੂਲ ਕਿਤਾਬਾਂ ਤੇ ਵਰਦੀਆਂ ਖਰੀਦਣ ਲਈ ਆਪਣੇ ਚਹੇਤਿਆਂ ਦੀਆਂ ਦੁਕਾਨਾਂ ਨਿਰਧਾਰਿਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਸ ਲੁੱਟ ਤੇ ਧੱਕੇਸ਼ਾਹੀ ਲਈ ਮਾਪੇ ਵੀ ਜਿੰਮੇਵਾਰ ਹਨ ਜੋ ਆਪਣੇ ਹੱਕਾਂ ਲਈ ਆਵਾਜ਼ ਨਹੀਂ ਚੁੱਕਦੇ। ਉਨ੍ਹਾਂ ਕਿਹਾ ਕਿ ਮਾਪੇ ਸਕੂਲਾਂ ਦੀਆਂ ਮਨਮਰਜ਼ੀਆਂ ਖਿਲਾਫ਼ ਲਿਖਤੀ ਸ਼ਿਕਾਇਤ ਜਾਂ ਇਮੇਲ ਰਾਹੀਂ ਡੀਈਓ ਪਟਿਆਲਾ ਤੇ ਡਿਪਟੀ ਕਮਿਸ਼ਨਰ ਪਟਿਆਲਾ ਕੋਲ ਆਪਣਾ ਪੱਖ ਰੱਖ ਸਕਦੇ ਹਨ। ਇਸ ਮੌਕੇ ਸੰਸਥਾ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ, ਗਊ ਸੇਵਾ ਸਮਿਤੀ ਪਟਿਆਲਾ ਤੋਂ ਦੀਪਕ ਵਧਵਾ, ਗਾਰਡੀਅਨ ਆਫ ਵਾਇਸਲੈਸ ਤੋਂ ਪੰਕਜ ਅਰੋੜਾ, ਹਰਮੀਤ ਸਿੰਘ ਸੋਢੀ ਜ਼ਿਲਾ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਅਮ੍ਰਿਤਸਰ, ਧਰਮ ਸੇਵਕ ਰਾਕੇਸ਼ ਸਾਂਖਲਾ, ਹੀਲਿੰਗ ਹੈਂਡ ਤੋਂ ਗੁਰਤੇਜ ਤੇਜੀ, ਗੁੱਗਾ ਜਾਹਰ ਵੀਰ ਸੇਵਾ ਸਮਿਤੀ ਤੋਂ ਰਵੀ ਕੁਮਾਰ, ਵਾਮਨ ਅਵਤਾਰ ਮੰਦਰ ਸੰਘਰਸ਼ ਕਮੇਟੀ ਤੋਂ ਰਵਿੰਦਰ ਬਾਂਸਲ, ਸੰਸਥਾ ਮਰੀਜ ਮਿਤਰਾ ਮੀਤ ਪ੍ਰਧਾਨ ਗੁਰਸੇਵਕ ਸਿੰਘ, ਜਨਰਲ ਸਕੱਤਰ ਜਗਦੀਸ਼ ਰਾਏ, ਖਜਾਨਚੀ ਮੈਡਮ ਦੀਪਤੀ ਮਹਾਜਨ, ਰਾਜੇਸ਼ਵਰ ਨਾਥ, ਰਾਜੂ ਸੋਸ਼ਲ ਮੀਡੀਆ ਇੰਚਾਰਜ, ਤੇਜਿੰਦਰ ਸਿੰਘ ਮੰਡੋੜ ਸੰਗਠਨ ਸਕੱਤਰ , ਜਸਵਿੰਦਰ ਸਿੰਘ, ਹੈਪੀ ਕਪੂਰ, ਅਵਤਾਰ ਸਿੰਘ, ਬਿੰਟੂ ਕੁਮਾਰ, ਕੁਲਦੀਪ ਸਿੰਘ, ਸੁਖਵਿੰਦਰ ਭਾਂਖਰ,ਸੰਦੀਪ ਸਿੰਘ,ਅਵਤਾਰ ਸਿੰਘ ਆਕੜੀ,ਗੁਰਪ੍ਰੀਤ ਸਿੰਘ ਆਦਿ ਮੈਂਬਰ ਮੌਜੂਦ ਸਨ।