ਬਿਜਲੀ ਕੱਟਾਂ ਖ਼ਿਲਾਫ਼ ਐਕਸੀਅਨ ਦਫਤਰ ਅੱਗੇ ਲਾਇਆ ਧਰਨਾ
ਬਿਜਲੀ ਕੱਟਾਂ ਖ਼ਿਲਾਫ਼ ਐਕਸੀਅਨ ਦਫਤਰ ਅੱਗੇ ਲਾਇਆ ਧਰਨਾ
Publish Date: Mon, 27 Apr 2026 06:03 PM (IST)
Updated Date: Tue, 28 Apr 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਪਿਛਲੇ ਕਈ ਦਿਨਾਂ ਤੋਂ ਬਿਜਲੀ ਵਿਭਾਗ ਵੱਲੋਂ ਪਿੰਡਾਂ ਅੰਦਰ ਘਰੇਲੂ ਬਿਜਲੀ ਸਪਲਾਈ ਦੇ ਲਾਏ ਜਾ ਰਹੇ ਲੰਮੇਂ ਤੇ ਅਣਐਲਾਨੇ ਕੱਟਾਂ ਤੋਂ ਦੁਖੀ ਹੋਏ ਦਰਜਨਾਂ ਪਿੰਡਾਂ ਦੇ ਲੋਕਾਂ ਵੱਲੋਂ ਬੀਕੇਯੂ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ ਦੀ ਅਗਵਾਈ ਹੇਠ ਬਿਜਲੀ ਵਿਭਾਗ ਦੀ ਡਿਵੀਜ਼ਨ ਲਹਿਰਾ ਦੇ ਐਕਸੀਅਨ ਦਫ਼ਤਰ ਅੱਗੇ ਧਰਨਾ ਲਾਇਆ ਗਿਆ। ਇਸ ਮੌਕੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਪ੍ਰੈਸ ਸਕੱਤਰ ਜਤਿੰਦਰ ਸਿੰਘ ਜਲੂਰ, ਮਨਿੰਦਰ ਸਿੰਘ ਲਦਾਲ ਨੇ ਦੱਸਿਆ ਕਿ ਪਿਛਲੇ ਕਰੀਬ 10 ਦਿਨਾਂ ਤੋਂ ਜਦੋਂ ਤੋਂ ਕਣਕ ਦੀ ਵਾਢੀ ਦਾ ਸੀਜਨ ਸ਼ੁਰੂ ਹੋਇਆ ਬਿਜਲੀ ਵਿਭਾਗ ਵੱਲੋਂ ਰਾਤ ਨੂੰ ਲੰਮੇ ਲੰਮੇ ਕੱਟ ਲਾਏ ਜਾ ਰਹੇ ਹਨ। ਕਿਸਾਨ ਮਜ਼ਦੂਰ ਆਪੋ ਆਪਣੇ ਕੰਮਾਂ ਕਾਰਾਂ ਤੋਂ ਥੱਕੇ-ਟੁੱਟੇ ਜਦੋਂ ਦੇਰ ਰਾਤ ਘਰ ਆਉਂਦੇ ਹਨ ਤਾਂ ਲਾਈਟ ਨਹੀਂ ਹੁੰਦੀ, ਗਰਮੀ ਤੇ ਮੱਛਰ ਦੇ ਚਲਦਿਆਂ ਰਾਤਾਂ ਨੂੰ ਚੈਨ ਦੀ ਨੀਂਦ ਨਹੀਂ ਲੈ ਪਾਉਂਦੇ ਤੇ ਦਿਨ ਦੇ ਵਿੱਚ 14-15 ਘੰਟੇ ਕੰਮ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਣਐਲਾਨੇ ਕੱਟਾਂ ਦੇ ਖ਼ਿਲਾਫ਼ ਅੱਜ ਐਕਸੀਅਨ ਦਫ਼ਤਰ ਧਰਨਾ ਲਾਇਆ ਗਿਆ। ਜਿਸ ਦੌਰਾਨ ਆਗੂਆਂ ਦੀ ਐਕਸੀਅਨ ਨਾਲ ਹੋਈ ਮੀਟਿੰਗ ਉਪਰੰਤ ਐਕਸੀਅਨ ਮਨੀਸ਼ ਕੁਮਾਰ ਨੇ ਧਰਨੇ ਦੀ ਸਟੇਜ ਤੋਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਵਿਭਾਗ ਦੀਆਂ ਕੁੱਝ ਮਜਬੂਰੀਆਂ ਦੇ ਚੱਲਦਿਆਂ ਬਿਜਲੀ ਦੇ ਕੱਟ ਸ਼ਾਮ ਦੇ ਸਮੇਂ ਜਾਂ ਰਾਤ ਦੇ ਸਮੇਂ ਲੱਗ ਰਹੇ ਸੀ ਜਿਸ ਤੋਂ ਲੋਕ ਪਰੇਸ਼ਾਨ ਸਨ। ਇਸ ਸਬੰਧੀ ’ਚ ਅਸੀਂ ਵੀ ਸਮੇਂ-ਸਮੇਂ ’ਤੇ ਵਿਭਾਗ ਨੂੰ ਲਿਖ ਰਹੇ ਸੀ। ਉਨ੍ਹਾਂ ਦੱਸਿਆ ਕਿ ਕੱਲ੍ਹ ਵਿਭਾਗ ਵੱਲੋਂ ਬਿਜਲੀ ਵੇਚਣ, ਖਰੀਦਣ ਦੇ ਕੁੱਝ ਸਮਝੌਤੇ ਕੀਤੇ ਗਏ ਹਨ। ਉਨ੍ਹਾਂ ’ਚ ਬਦਲਾਅ ਵੀ ਹੋਇਆ ਹੈ ਤੇ ਹੁਣ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਦੀ ਰਹੇਗੀ ਤੇ ਕਿਸੇ ਤਰ੍ਹਾਂ ਦੇ ਕੱਟ ਨਹੀਂ ਲਗਾਏ ਜਾਣਗੇ। ਇਸ ਮੌਕੇ ਅਜਾਇਬ ਸਿੰਘ ਲਦਾਲ, ਮਨਜੀਤ ਸਿੰਘ ਖਾਈ, ਬਿੰਦਰ ਲੇਹਲ ਕਲਾਂ, ਕੁਲਦੀਪ ਸਿੰਘ ਜਵਾਹਰਵਾਲਾ ਵੱਲੋਂ ਵੀ ਧਰਨੇ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਰਘਬੀਰ ਸਿੰਘ ਸਲੇਮਗੜ੍ਹ, ਗੁਰਚਰਨ ਸਿੰਘ ਲੇਹਲ ਕਲਾਂ, ਮਿੱਠੂ ਸਿੰਘ ਭੂਟਾਲ ਕਲਾਂ, ਸੁਖਦੇਵ ਸਿੰਘ ਖੋਖਰ, ਕ੍ਰਿਸ਼ਨ ਸਿੰਘ ਨੰਗਲਾ, ਮੱਖਣ ਸਿੰਘ ਗਾਗਾ, ਨੈਬ ਸਿੰਘ ਰਾਮਗੜ੍ਹ, ਦਰਸ਼ਨ ਸਿੰਘ ਜਲੂਰ ਹਾਜ਼ਰ ਸਨ।