ਅਪ੍ਰੈਟਿਸ ਨੌਜਵਾਨਾਂ ਵੱਲੋਂ ਪੀਐੱਸਪੀਸੀਐੱਲ ਮੁੱਖ ਦਫ਼ਤਰ ਦਾ ਘਿਰਾਓ, ਮਾਲ ਰੋਡ ਕੀਤਾ ਜਾਮ
ਅਪ੍ਰੈਟਿਸ ਨੌਜਵਾਨਾਂ ਵੱਲੋਂ ਪੀਐਸਪੀਸੀਐੱਲ ਮੁੱਖ ਦਫ਼ਤਰ ਦਾ ਘਿਰਾਓ, ਮਾਲ ਰੋਡ ਪੂਰੀ ਤਰ੍ਹਾਂ ਜਾਮ
Publish Date: Mon, 25 May 2026 04:20 PM (IST)
Updated Date: Mon, 25 May 2026 04:22 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਰਾਜ ਬਿਜਲੀ ਨਿਗਮ ਲਿਮਿਟਡ ’ਚੋਂ ਡਿਪਲੋਮਾ ਤੇ ਡਿਗਰੀ ਅਪ੍ਰੈਟਿਸਸ਼ਿਪ ਮੁਕੰਮਲ ਕਰ ਚੁੱਕੇ ਸੈਂਕੜੇ ਪੜ੍ਹੇ-ਲਿਖੇ ਨੌਜਵਾਨਾਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਮੁੱਖ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਗੁੱਸੇ ’ਚ ਆਏ ਨੌਜਵਾਨਾਂ ਵੱਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਦਾ ਮੁਕੰਮਲ ਘਿਰਾਓ ਕਰਨ ਉਪਰੰਤ ਸ਼ਹਿਰ ਦੀ ਮਾਲ ਰੋਡ ਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕਰਕੇ ਜਾਮ ਲਗਾ ਦਿੱਤਾ ਗਿਆ। ਇਸ ਵਿਸ਼ਾਲ ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ’ਚ ਇਕੱਠੇ ਹੋਏ ਬੇਰੁਜ਼ਗਾਰ ਤਕਨੀਕੀ ਨੌਜਵਾਨਾਂ ਨੇ ਪੰਜਾਬ ਸਰਕਾਰ ਤੇ ਪਾਵਰਕਾਮ ਪ੍ਰਬੰਧਕਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉੱਚ ਵਿੱਦਿਅਕ ਤਕਨੀਕੀ ਯੋਗਤਾ ਅਤੇ ਵਿਭਾਗ ਵਿਚ ਲੰਬਾ ਸਮਾਂ ਕੰਮ ਕਰਨ ਦਾ ਤਜਰਬਾ ਹੋਣ ਦੇ ਬਾਵਜੂਦ ਉਨ੍ਹਾਂ ਨਾਲ ਲਗਾਤਾਰ ਮਤਰੇਈ ਮਾਂ ਵਾਲਾ ਸਲੂਕ ਤੇ ਵੱਡੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਮੁੱਖ ਆਗੂ ਸੁਖਮੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਪਿਛਲੇ ਕਈ ਸਾਲਾਂ ਤੋਂ ਡਿਪਲੋਮਾ ਅਤੇ ਡਿਗਰੀ ਧਾਰਕ ਨੌਜਵਾਨਾਂ ਨੂੰ ਭਾਰਤ ਸਰਕਾਰ ਦੇ ਰਾਸ਼ਟਰੀ ਅਪ੍ਰੈਟਿਸ ਐਕਟ 1961 ਦੇ ਤਹਿਤ ਸਖ਼ਤ ਮਿਹਨਤ ਕਰਵਾ ਕੇ ਅਪ੍ਰੈਟਿਸ ਟ੍ਰੇਨਿੰਗ ਕਰਵਾਈ ਜਾਂਦੀ ਹੈ। ਪ੍ਰੰਤੂ ਬੇਹੱਦ ਅਫ਼ਸੋਸ ਦੀ ਗੱਲ ਹੈ ਕਿ ਸਾਲ-ਸਾਲ ਭਰ ਵਿਭਾਗ ਦੇ ਔਖੇ ਤਕਨੀਕੀ ਕੰਮ ਲੈਣ ਤੋਂ ਬਾਅਦ ਜਦੋਂ ਟ੍ਰੇਨਿੰਗ ਪੂਰੀ ਹੁੰਦੀ ਹੈ, ਤਾਂ ਮਹਿਕਮਾ ਇਨ੍ਹਾਂ ਨੌਜਵਾਨਾਂ ਨੂੰ ਸਿਰਫ਼ ਇਕ ਕਾਗਜ਼ ਦਾ ਸਰਟੀਫਿਕੇਟ ਫੜਾ ਕੇ ਘਰ ਤੌਰ ਦਿੰਦਾ ਹੈ। ਪਾਵਰਕਾਮ ਵੱਲੋਂ ਕੱਢੀਆਂ ਜਾਂਦੀਆਂ ਪੱਕੀਆਂ ਭਰਤੀਆਂ ’ਚ ਨਾ ਤਾਂ ਇਨ੍ਹਾਂ ਨੌਜਵਾਨਾਂ ਨੂੰ ਕੋਈ ਤਰਜੀਹ (ਪ੍ਰੈਫਰੈਂਸ) ਦਿੱਤੀ ਜਾਂਦੀ ਹੈ ਅਤੇ ਨਾ ਹੀ ਉਨ੍ਹਾਂ ਵੱਲੋਂ ਵਿਭਾਗ ਵਿੱਚ ਕੀਤੇ ਗਏ ਕੰਮ ਦੇ ਕੀਮਤੀ ਤਜਰਬੇ ਦੀ ਕੋਈ ਕਦਰ ਪਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਸਾਰੇ ਕੱਚੇ ਕਾਮੇ ਪੱਕੇ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਸਾਨੂੰ ‘ਸਸਤੀ ਲੇਬਰ ਸਮਝ ਕੇ ਪਾਸੇ ਕੀਤਾ ਜਾ ਰਿਹਾ ਹੈ, ਜੋ ਕਿ ਸ਼ਰੇਆਮ ਬੇਇਨਸਾਫ਼ੀ ਹੈ। ਮਾਲ ਰੋਡ ਤੇ ਲੱਗੇ ਲੰਬੇ ਜਾਮ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਜਿਸ ਦੇ ਸਿੱਟੇ ਵਜੋਂ ਸਥਾਨਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਹਾਲਾਤ ਤੇ ਕਾਬੂ ਪਾਉਣ ਲਈ ਤੁਰੰਤ ਦਖ਼ਲ ਦੇਣਾ ਪਿਆ। ਇਸ ਦੌਰਾਨ ਪੁਲਿਸ ਵਿਭਾਗ ਦੇ ਡੀ.ਐੱਸ.ਪੀ. ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨਾਲ ਯੂਨੀਅਨ ਦੇ ਪ੍ਰਤੀਨਿਧੀਆਂ ਦੀ ਇੱਕ ਹੰਗਾਮੀ ਮੀਟਿੰਗ ਕਰਵਾਈ। ਇਸ ਮੀਟਿੰਗ ਦੌਰਾਨ ਪਾਵਰਕਾਮ ਪ੍ਰਬੰਧਕਾਂ ਵੱਲੋਂ ਯੂਨੀਅਨ ਆਗੂਆਂ ਨੂੰ ਲਿਖਤੀ ਰੂਪ ’ਚ ਪੱਤਰ ਜਾਰੀ ਕਰਕੇ ਪੁਖ਼ਤਾ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੇ ਸਾਰੇ ਮਸਲਿਆਂ ਦੇ ਸਥਾਈ ਹੱਲ ਲਈ ਆਉਣ ਵਾਲੀ 4 ਜੂਨ ਨੂੰ ਪਾਵਰਕਾਮ ਦੇ ਚੇਅਰਮੈਨ ਅਤੇ ਪੰਜਾਬ ਦੇ ਬਿਜਲੀ ਮੰਤਰੀ ਨਾਲ ਇੱਕ ਵਿਸ਼ੇਸ਼ ਦਫ਼ਤਰ ਮੀਟਿੰਗ ਤੈਅ ਕਰਵਾਈ ਗਈ ਹੈ। ਪ੍ਰਸ਼ਾਸਨ ਅਤੇ ਵਿਭਾਗ ਵੱਲੋਂ ਮਿਲੇ ਇਸ ਲਿਖਤੀ ਵਿਸ਼ਵਾਸ ਤੋਂ ਬਾਅਦ ਯੂਨੀਅਨ ਨੇ ਮਾਲ ਰੋਡ ਤੋਂ ਜਾਮ ਹਟਾ ਦਿੱਤਾ। ਇਸ ਮੌਕੇ ਸੂਬਾ ਪ੍ਰਧਾਨ ਸੁਖਮੰਦਰ ਸਿੰਘ ਗਿੱਲ ਮੋਗਾ, ਰਾਜੂ ਰਾਮ ਸੁਤੁਰਾਣਾ, ਦਿਲਾਵਰ ਜਲਾਲਾਬਾਦ, ਕਰਨ ਸ਼ਰਮਾ ਅਜਨਾਲਾ, ਜਗਜੀਤ ਪਨੇਸਰ ਸੰਗਰੂਰ, ਅਤੇ ਹਰੀ ਸਿੰਘ ਬਰੇਟਾ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।