ਅਧਿਆਪਕਾਂ ’ਤੇ ਪੁਲਿਸ ਕਾਰਵਾਈ ਖ਼ਿਲਾਫ਼ ਧਰਨਾ 29 ਨੂੰ
ਅਧਿਆਪਕਾਂ 'ਤੇ ਪੁਲਿਸ ਕਾਰਵਾਈ ਖਿਲਾਫ ਧਰਨਾ 29 ਨੂੰ
Publish Date: Mon, 25 May 2026 05:55 PM (IST)
Updated Date: Tue, 26 May 2026 04:05 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਮ, ਸੰਗਰੂਰ : ਅਧਿਆਪਕ ਜਥੇਬੰਦੀਆਂ ਡੀਟੀਐੱਫ (ਦਿਗਵਿਜੇ ਪਾਲ) ਤੇ ਡੀਟੀਐੱਫ (ਵਿਕਰਮ ਦੇਵ ਸਬੰਧਤ ਡੀਐੱਮਐੱਫ) ਵੱਲੋਂ ਜ਼ਿਲ੍ਹਾ ਚੋਣ ਅਫ਼ਸਰ ਤੇ ਪ੍ਰਿੰਸੀਪਲ ਸੈਂਸਜ਼ ਅਫ਼ਸਰ ਕਮ ਡੀਸੀ ਸੰਗਰੂਰ ਵਿਰੁੱਧ ਉਨ੍ਹਾਂ ਦੇ ਦਫ਼ਤਰ ਵਿਖੇ 29 ਮਈ ਨੂੰ ਰੋਸ ਧਰਨਾ ਦਿੱਤਾ ਜਾਵੇਗਾ। ਆਗੂਆਂ ਦਾਤਾ ਸਿੰਘ ਨਮੋਲ ਤੇ ਸੁਖਵਿੰਦਰ ਗਿਰ ਨੇ ਦੱਸਿਆ ਕਿ ਇਸ ਧਰਨੇ ’ਚ ਇਲਾਕੇ ਦੀਆਂ ਜਨਤਕ ਜ਼ਮਹੂਰੀ, ਮਜ਼ਦੂਰ, ਕਿਸਾਨ, ਵਿਦਿਆਰਥੀ ਜਥੇਬੰਦੀਆਂ ਨੂੰ ਸ਼ਾਮਲ ਹੋ ਕੇ ਜ਼ਬਰ ਖ਼ਿਲਾਫ਼ ਖੜ੍ਹਨ ਦੀ ਅਪੀਲ ਵੀ ਕੀਤੀ ਜਾਵੇਗੀ। ਮਸਲੇ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਸੁਖਜਿੰਦਰ ਸੰਗਰੂਰ ,ਦਲਜੀਤ ਸਫੀਪੁਰ, ਜਸਬੀਰ ਨਮੋਲ ਤੇ ਦੀਨਾ ਨਾਥ ਨੇ ਕਿਹਾ ਕਿ ਉਕਤ ਰਿਟਰਨਿੰਗ ਅਫ਼ਸਰ ਵੱਲੋਂ 23 ਮਈ ਦੀ ਰਿਹਰਸਲ ਵਿਚ ਸ਼ਾਮਲ ਨਾ ਹੋਣ ’ਤੇ ਅਧਿਆਪਕਾਂ ਵਿਰੁੱਧ ਕਾਰਨ ਦੱਸੋ ਨੋਟਿਸ ਕੱਢੇ ਗਏ ਸਨ। ਜਥੇਬੰਦੀਆਂ ਨੇ ਰਿਟਰਨਿੰਗ ਅਫ਼ਸਰ ਨੂੰ ਲਿਖਤੀ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਸੀ ਕਿ ਇਹ ਅਧਿਆਪਕ ਜਾਣ ਬੁੱਝ ਕੇ ਗ਼ੈਰ ਹਾਜ਼ਰ ਨਹੀਂ ਹੋਏ ਬਲਕਿ ਚੱਲ ਰਹੀ ਜਨਗਣਨਾ ਵਿੱਚ ਆਪਣੇ ਆਪਣੇ ਖੇਤਰ ਵਿੱਚ ਜਨਗਣਨਾ ਡਿਊਟੀ ਨਿਭਾ ਰਹੇ ਹਨ। ਇੱਕ ਅਧਿਆਪਕ ਲਈ ਇੱਕੋ ਸਮੇਂ ਦੋ ਡਿਊਟੀਆਂ ਕਰਨਾ ਸੰਭਵ ਨਹੀਂ ਹੈ। ਪ੍ਰੰਤੂ ਰਿਟਰਨਿੰਗ ਅਫ਼ਸਰ ਨੇ ਅਧਿਆਪਕਾਂ ਦੇ ਜਵਾਬ ਨੂੰ ਨਜ਼ਰਅੰਦਾਜ਼ ਕਰਦਿਆਂ ਅਤੇ ਅਧੂਰੇ ਤੱਥ ਦੇ ਕੇ ਗਲਤ ਬਿਆਨੀ ਵਾਲੇ ਪੱਤਰ ਰਾਹੀਂ ਵਧੀਕ ਡਿਪਟੀ ਕਮਿਸ਼ਨਰ (ਵਿ.) ਸੰਗਰੂਰ ਨੂੰ ਇਹਨਾਂ ਅਧਿਆਪਕਾਂ ਖ਼ਿਲਾਫ਼ ਉਕਤ ਅਨੁਸਾਰ ਕਾਰਵਾਈ ਲਈ ਲਿਖ ਦਿੱਤਾ। ਇਸ ਤੇ ਅਧਿਆਪਕਾਂ ਵਿੱਚ ਵਿਆਪਕ ਰੋਸ ਪਾਇਆ ਗਿਆ ਤੇ ਉਹ ਇਕੱਠੇ ਹੋ ਕੇ ਜ਼ਿਲ੍ਹਾ ਚੋਣ ਅਫ਼ਸਰ ਸੰਗਰੂਰ ਨੂੰ ਮਿਲਣ ਪਹੁੰਚੇ ਤਾਂ ਦਫ਼ਤਰ ਵੱਲੋਂ ਉਹਨਾਂ ਦੀ ਮੁਲਾਕਾਤ ਜਨਰਲ ਸਹਾਇਕ ਨਾਲ ਕਰਵਾਈ ਗਈ ਜਿਹਨਾਂ ਨੇ ਜਥੇਬੰਦੀਆਂ ਦੀ ਗੱਲ ਸੁਣ ਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਜਥੇਬੰਦੀਆਂ ਨੇ ਉਹਨਾਂ ਨੂੰ ਉਕਤ ਬੀਡੀਪੀਓ ਖ਼ਿਲਾਫ਼ ਅਧਿਆਪਕਾਂ ਦੀ ਜਨਗਣਨਾ ਡਿਊਟੀ ਵਿੱਚ ਵਿਘਨ ਪਾਉਣ ਤੇ ਮੁੱਖ ਜਨਗਣਨਾ ਅਧਿਕਾਰੀ ਪੰਜਾਬ ਦੇ ਨਾਂ ਲਿਖੀ ਸ਼ਿਕਾਇਤ ਵੀ ਦਿੱਤੀ। ਇਸ ਉਪਰੰਤ ਜਥੇਬੰਦੀਆਂ ਵੱਲੋਂ ਸਾਂਝੀ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਕਿ ਉਕਤ ਪੱਤਰ ਖ਼ਿਲਾਫ਼ ਅਤੇ ਅਧਿਆਪਕਾਂ ਦੇ ਮਾਣ ਸਨਮਾਨ ਦੀ ਬਹਾਲੀ ਲਈ ਡੀਸੀ ਸੰਗਰੂਰ ਵਿਰੁੱਧ ਉਹਨਾਂ ਦੇ ਦਫ਼ਤਰ ਵਿਰੁੱਧ ਉਕਤ ਅਨੁਸਾਰ ਧਰਨਾ ਦਿੱਤਾ ਜਾਵੇਗਾ। ਇਸ ਸਮੇਂ ਪਵਨ ਕੁਮਾਰ, ਜਗਦੀਪ ਸਿੰਘ, ਭਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਦੀਪ ਸਿੰਘ, ਚਮਕੌਰ ਸਿੰਘ, ਗੁਰਚਰਨ ਸੇਖ਼ੂਵਾਸ, ਪ੍ਰਗਟ ਸਿੰਘ, ਕੁਲਵੰਤ ਖਨੌਰੀ, ਅਮਿਤ ਕੁਮਾਰ, ਗਗਨਦੀਪ ਧੂਰੀ, ਯਾਦਵਿੰਦਰ ਧੂਰੀ,ਮਨਜੀਤ ਸਿੰਘ ਤੇ ਰਮਨ ਗੋਇਲ ਹਾਜਰ ਸਨ।