ਦੂਹਰੀਆਂ ਡਿਊਟੀਆਂ ਲਾਉਣ ’ਤੇ ਡੀਸੀ ਵਿਰੁੱਧ ਮੁਜ਼ਾਹਰਾ ਅੱਜ
ਦੂਹਰੀਆਂ ਡਿਊਟੀਆਂ ਲਾਉਣ ’ਤੇ ਡੀਸੀ ਵਿਰੁੱਧ ਮੁਜ਼ਾਹਰਾ ਅੱਜ
Publish Date: Tue, 19 May 2026 04:17 PM (IST)
Updated Date: Wed, 20 May 2026 04:01 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਅਧਿਆਪਕ ਜਥੇਬੰਦੀਆਂ ਡੀਟੀਐੱਫ (ਦਿਗਵਿਜੇ ਪਾਲ) ਅਤੇ ਡੀਟੀਐੱਫ (ਸਬੰਧਤ ਡੀਐੱਮਐੱਫ) ਦੇ ਆਗੂਆਂ ਨੇ ਸਾਂਝੇ ਰੂਪ ਦਾਤਾ ਸਿੰਘ ਨਮੋਲ ਤੇ ਸੁਖਵਿੰਦਰ ਗਿਰ ਦੀ ਅਗਵਾਈ ’ਚ ਸੰਗਰੂਰ ਦੇ ਸਹਾਇਕ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਆਗੂਆਂ ਨੇ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਧਿਆਪਕਾਂ ਦੀਆਂ ਜਨਗਣਨਾ, ਡਰੱਗ ਸੈਂਸਜ ਤੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਲਾਈਆਂ ਦੂਹਰੀਆਂ-ਤੀਹਰੀਆਂ ਗ਼ੈਰ ਵਿੱਦਿਅਕ ਡਿਊਟੀਆਂ ਕੱਟੀਆਂ ਜਾਣ। ਗੰਭੀਰ ਬਿਮਾਰੀਆਂ ਤੋਂ ਪੀੜਤ, ਅੰਗਹੀਣ ਤੇ ਛੋਟੇ ਬੱਚਿਆਂ ਦੀਆਂ ਮਾਵਾਂ ਦੀ ਕੈਟਾਗਰੀ ’ਚ ਆਉਂਦੇ ਅਧਿਆਪਕਾਂ ਦੀਆਂ ਇਹ ਡਿਊਟੀਆਂ ਕੱਟੀਆਂ ਜਾਣ ਅਤੇ ਜਨਗਣਨਾ ਡਿਊਟੀ ਲਈ ਹੋਰ ਜ਼ਿਲ੍ਹਿਆਂ ਦੀ ਤਰਜ਼ ’ਤੇ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਫਾਰਗ ਕੀਤਾ ਜਾਵੇ। ਪਰ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਇਸ ਮਾਮਲੇ ’ਚ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ। ਅਧਿਆਪਕ ਆਗੂਆਂ ਨੇ ਪ੍ਰਸ਼ਾਸਨ ਦੇ ਇਸ ਵਤੀਰੇ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਅਖੌਤੀ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਅਧਿਆਪਕਾਂ ਦੀਆਂ ਦੂਹਰੀਆਂ-ਤੀਹਰੀਆਂ ਗ਼ੈਰ-ਵਿੱਦਿਅਕ ਡਿਊਟੀਆਂ ਲਾ ਕੇ ਜਿੱਥੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝਾ ਕੀਤਾ ਕਰਕੇ ਜਨਤਕ ਸਿੱਖਿਆ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਉੱਥੇ ਅਧਿਆਪਕਾਂ ਉੱਤੇ ਸਰੀਰਕ ਤੇ ਮਾਨਸਿਕ ਅੱਤਿਆਚਾਰ ਕੀਤਾ ਜਾ ਰਿਹਾ ਹੈ। ਇਸ ਨਾਲ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋ ਰਿਹਾ ਹੈ ਤੇ ਸਿੱਖਿਆ ਕ੍ਰਾਂਤੀ ਦੇ ਕੀਤੇ ਜਾ ਰਹੇ ਝੂਠੇ ਦਾਅਵਿਆਂ ਦੀ ਵੀ ਪੋਲ ਖੁੱਲ੍ਹ ਰਹੀ ਹੈ। ਪ੍ਰਸ਼ਾਸਨ ਦੇ ਵਤੀਰੇ ਵਿਰੁੱਧ ਦੋਵੇਂ ਜਥੇਬੰਦੀਆਂ ਦੇ ਆਗੂਆਂ ਨੇ ਫੈਸਲਾ ਕੀਤਾ ਕਿ ਇਸ ਸਬੰਧੀ 20 ਮਈ ਨੂੰ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਸੁਖਜਿੰਦਰ ਸਿੰਘ, ਜਗਦੀਪ ਸਿੰਘ, ਚੰਦਰ ਸ਼ੇਖਰ, ਬਲਜੀਤ ਨਮੋਲ, ਕਿਰਪਾਲ ਸਿੰਘ, ਬਲਜੀਤ ਸਿੰਘ, ਬਲਵਿੰਦਰ ਸਤੌਜ, ਹਰਪ੍ਰੀਤ ਸਿੰਘ, ਰਮਨ ਗੋਇਲ, ਭੁਪਿੰਦਰ ਸਿੰਘ, ਦਲਜੀਤ ਸਫੀਪੁਰ ਮੌਜੂ਼ਦ ਸਨ।