ਅਪ੍ਰੈਂਟਿਸਸ਼ਿਪ ਸ਼ਰਤ ਖਤਮ ਕਰਨ ਤੋਂ ਭੜਕੇ ਸਿੱਖਿਆਰਥੀਆਂ ਵੱਲੋਂ ਰੋਸ ਮੁਜ਼ਾਹਰਾ
ਅਪ੍ਰੈਂਟਿਸਸ਼ਿਪ ਸ਼ਰਤ ਖਤਮ ਕਰਨ ਤੋਂ ਭੜਕੇ ਸਿੱਖਿਆਰਥੀਆਂ ਵੱਲੋੋਂ ਧਰਨਾ ਪ੍ਰਦਰਸ਼ਨ ਸੁਰੂ
Publish Date: Thu, 09 Apr 2026 08:04 PM (IST)
Updated Date: Fri, 10 Apr 2026 04:15 AM (IST)

ਪਾਵਰਕਾਮ ਦਾ ਮੁੱਖ ਗੇਟ ਘੇਰ ਕੇ ਕੀਤਾ ਰੋਸ ਪ੍ਰਦਰਸਨ ਤਿੱਖਾ ਸੰਘਰਸ਼ ਕਰਾਂਗੇ: ਸੁਰਿੰਦਰ ਸਿੰਘ ਜਲਾਲਾਬਾਦ ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਰਕਾਰ ਵੱਲੋਂ ਪੀਐੱਸਪੀਸੀਐੱ ਅਤੇ ਪੀਐੱਸਟੀਸੀਐੱਲ ’ਚ ਲਿਆਏ ਗਏ ਇਸ ਸੋਧ ਬਿੱਲ ਵਿੱਚ ਅਪ੍ਰੈਂਟਿਸਸ਼ਿਪ ਲਾਜ਼ਮੀ ਨੂੰ ਖਤਮ ਕਰਕੇ ਸਿੱਧੀ ਭਰਤੀ ਕਰਨ ਲਈ ਦਾ ਅਪ੍ਰੈਂਟਿਸਸ਼ਿਪ ਕਰ ਰਹੇ 2600 ਸਿਖਿਆਰਥੀਆਂ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵੀਰਵਾਰ ਨੂੰ 2600 ਅਪਰੈਂਟਸ਼ਿਪ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਜਲਾਲਾਬਾਦ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪੁੱਜੇ ਸਿੱਖਿਆਰਥੀਆਂ ਵੱਲੋਂ ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ ਧਰਨਾ ਲਾ ਕੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਸੁਰੂ ਕਰ ਦਿੱਤਾ ਹੈ। ਇਸ ਸਬੰਧੀ ਪ੍ਰਧਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਨਿਗਮ ਵੱਲੋਂ ਜੋਂ ਬਿੱਲ ਲਿਆਂਦਾ ਗਿਆ ਹੈ ਉਸ ਵਿਚ ਆਈਟੀਆਈ ਪਾਸ ਨੂੰ ਸਿੱਧਾ ਸਹਾਇਕ ਲਾਈਨਮੈਨ ਭਰਤੀ ਕਰਨ ਉਪਰੰਤ 6 ਮਹੀਨੇ ਦੀ ਆਨ ਜੌਬ ਟ੍ਰੇਨਿੰਗ ਦਿੱਤੀ ਜਾਵੇਗੀ ਪਰ ਯੂਨੀਅਨ ਵੱਲੋ ਕਿਹਾ ਗਿਆ ਕਿ ਅਸੀਂ ਇਨਾਂ ਸਾਰੀਆ ਸ਼ਰਤਾ ਨੂੰ ਪੂਰਾ ਕਰਦੇ ਹਾਂ ਕਿਉੰਕਿ ਅਸੀਂ ਲਿਖਤੀ ਪੇਪਰ ਪਾਸ ਕਰਕੇ ਅਤੇ ਮੈਡੀਕਲ ਕਰਵਾਉਣ ਬਾਅਦ ਹੁਣ ਕਰੀਬ ਸਾਢੇ ਚਾਰ ਮਹੀਨੇ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਤੇ ਸਾਨੂੰ 6 ਮਹੀਨੇ ਦੀ ਟ੍ਰੇਨਿੰਗ ਕਰਨ ਉਪਰੰਤ ਮਹਿਕਮੇ ਵਿਚ ਪਹਿਲ ਦੇ ਆਧਾਰ ’ਤੇ ਸਹਾਇਕ ਲਾਈਨਮੈਨ ਰੈਗੂਲਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲੁਧਿਆਣਾ ਵਿਖੇ ਵਿਭਾਗ ਦੇ ਆਈ. ਏ. ਆਰ ਰਣਵੀਰ ਸਿੰਘ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਸੀ ਤੇ ਦੱਸਿਆ ਗਿਆ ਸੀ ਕਿ 2600 ਅਪ੍ਰੈਂਟਿਸਸ਼ਿਪ ਭਰਤੀ ਬਾਰੇ ਵਿਚਾਰ ਚਰਚਾ ਚਲ ਰਹੀ ਹੈ। ਉਨ੍ਹਾਂ ਦੱਸਿਆ ਕਿ 7 ਅਪ੍ਰੈਲ ਨੂੰ ਪਾਵਰਕਾਮ ਦੇ ਸੀਐਮਡੀ ਤੇ ਹੋਰ ਉੱਚ ਅਧਿਕਾਰੀਆਂ ਨਾਲ ਬੈਠਕ ਦਾ ਸਮਾਂ ਦਿੱਤਾ ਗਿਆ ਸੀ ਪਰ ਇਸ ਬੈਠਕ ਵਿੱਚ ਕੋਈ ਹੱਲ ਨਹੀਂ ਕੱਢਿਆ ਗਿਆ। ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ 4 ਅਪ੍ਰੈਲ ਨੂੰ ਲੁਧਿਆਣਾ ਵਿਖੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਪੀਏ ਮੈਡਮ ਸ਼੍ਰੀ ਮੀਨਾ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਉਨ੍ਹਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਉਨ੍ਹਾਂ ਦੀ ਮੰਗ ਨੂੰ ਜ਼ਰੂਰ ਵਿਚਾਰਿਆਂ ਜਾਵੇਗਾ। ਇਸ ਤੋਂ ਇਲਾਵਾ ਯੂਨੀਅਨ ਵਲੋ ਕਰੀਬ 40 ਐੱਮਐੱਲਏ ਤੇ ਕਈ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਸੌਂਪੇ ਗਏ ਸਨ ਪਰ ਫਿਰ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ,ਜਿਸ ਕਾਰਨ ਉਨ੍ਹਾਂ ਨੂੰ ਮਜਬੂਰ ਹੋ ਕੇ ਸ਼ੜਕਾਂ ’ਤੇ ਉਤਰਨਾ ਪਿਆ ਹੈ। ਯੂਨੀਅਨ ਵਲੋ ਇਹ ਵੀ ਆਖਿਆ ਗਿਆ ਕਿ ਜੇਕਰ ਸਾਡੀ ਮੰਗ ਨੂੰ ਜਲਦੀ ਪੂਰਾ ਨਹੀਂ ਕੀਤਾ ਗਿਆ ਤਾਂ ਅਸੀਂ ਜਲਦੀ ਹੀ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਗੇ। ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ, ਸਕੱਤਰ ਫਤਿਹ ਸਿੰਘ, ਪ੍ਰਬਧਕ ਵਿਜੈ ਕੁਮਾਰ, ਜਤਿੰਦਰ ਸਿੰਘ ਸੰਧੂ, ਮਨਪ੍ਰੀਤ, ਰਾਜਨ ਕੰਬੋਜ, ਰਾਜ ਸਿੰਘ, ਸਤਨਾਮ ਸਿੰਘ ਤੇ ਹੋਰਨਾਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਦੇਰ ਸ਼ਾਮ ਤੱਕ ਸਿੱਖਿਆਰਥੀ ਸੜਕ ਜਾਮ ਕਰ ਕੇ ਨਾਅਰੇਬਾਜ਼ੀ ਕਰਨ ਲੱਗੇ ਹੋਏ ਸਨ ਤੇ ਪੱਕੇ ਮੋਰਚੇ ਲਈ ਟੈਂਟ ਲਾਉਣ ਦਾ ਕੰਮ ਜਾਰੀ ਸੀ। ਡੱਬੀ- ਧਰਨੇ ਕਾਰਨ ਬਾਜ਼ਾਰਾਂ ’ਚ ਲੱਗੇ ਜਾਮ ਪਾਵਰਕਾਮ ਦੇ ਮੁੱਖ ਦਫਤਰ ਅੱਗੇ ਰੋਸ ਮੁਜ਼ਾਹਰਾ ਕਰ ਰਹੇ ਅਪ੍ਰੈਂਟਿਸਸ਼ਿਪ ਦੇ ਵਿਦਿਆਰਥੀਆਂ ਵੱਲੋਂ ਮਾਲ ਰੋਡ ਦੇ ਦੋਨੋਂ ਪਾਸੇ ਬੰਦ ਕਰਕੇ ਆਵਾਜਾਈ ਠੱਪ ਕਰ ਦਿੱਤੀ ਗਈ, ਜਿਸ ਨਾਲ ਸਾਰੀ ਟ੍ਰੈਫਿਕ ਬਜਾਰ ਦੇ ਰਸਤਿਆਂ ਰਾਹੀ ਲੰਘਣ ਲੱਗੀ, ਜਿਸ ਨਾਲ ਬਜਾਰ ਦੀਆਂ ਅੰਦਰੂਨੀ ਸੜਕਾਂ ਤੇ ਹੋਰ ਰਸਤਿਆਂ ’ਚ ਵਾਹਨਾਂ ਦੀ ਆਵਾਜਾਈ ਵਧਣ ਕਾਰਨ ਥਾਂ ਥਾਂ ’ਤੇ ਜਾਮ ਲੱਗੇ ਰਹੇ ਤੇ ਆਮ ਲੋਕ ਪਰੇਸ਼ਾਨ ਹੁੰਦੇ ਰਹੇ। ਫੁਹਾਰਾ ਚੌਂਕ ਤੋਂ ਪੁਰਾਣਾ ਬੱਸ ਸਟੈਂਡ ਵਾਲੀ ਆਉਣ-ਜਾਣ ਵਾਲੀ ਟ੍ਰੈਫਿਕ ਛੋਟੀ ਬਾਰਾਂਦਰੀ ਰਾਹੀ ਡਾਈਵਰਟ ਕੀਤੀ ਗਈ, ਜਿਸ ਨਾਲ ਟੀਬੀ ਹਸਪਤਾਲ ਤੋਂ ਲੈ ਕੇ ਛੋਟੀ ਬਾਰਾਂਦਰੀ ਤੱਕ ਲੰਬਾ ਜਾਮ ਲੱਗਿਆ ਰਿਹਾ।