ਪ੍ਰੋ. ਅਨਿਲ ਕੇ ਸ਼ਰਮਾ ਨੇ ਡੀਬੀਯੂ ਵਿਖੇ ਦਿੱਤਾ ਪ੍ਰੇਰਨਾਦਾਇਕ ਭਾਸ਼ਣ
ਪ੍ਰੋ. ਅਨਿਲ ਕੇ ਸ਼ਰਮਾ ਨੇ ਦੇਸ਼ ਭਗਤ ਯੂਨੀਵਰਸਿਟੀ ਵਿਖੇ ਦਿੱਤਾ ਪ੍ਰੇਰਨਾਦਾਇਕ ਭਾਸ਼ਣ
Publish Date: Mon, 23 Mar 2026 05:02 PM (IST)
Updated Date: Mon, 23 Mar 2026 05:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਗਲੋਬਲ ਰਿਸਰਚ ਆਈਕਨ ਪ੍ਰੋ. ਅਨਿਲ ਕੇ. ਸ਼ਰਮਾ ਨੇ ਦੇਸ਼ ਭਗਤ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਤੇ ਖੋਜਕਰਤਾਵਾਂ ਨੂੰ ਸੰਬੋਧਨ ਕਰਦਿਆਂ ਅਕਾਦਮਿਕ ਉੱਤਮਤਾ ਅਤੇ ਵਿਗਿਆਨਕ ਇਮਾਨਦਾਰੀ ਦੀ ਮਹੱਤਤਾ ’ਤੇ ਰੌਸ਼ਨੀ ਪਾਈ। ‘ਇੱਕ ਉਤਸੁਕ ਮਨ ਤੋਂ ਇੱਕ ਪ੍ਰਭਾਵਸ਼ਾਲੀ ਵਿਗਿਆਨੀ ਤੱਕ: ਪ੍ਰਭਾਵਸ਼ਾਲੀ ਖੋਜ ਲਈ ਰਣਨੀਤੀਆਂ’ ਸਿਰਲੇਖ ਵਾਲੇ ਇਸ ਭਾਸ਼ਣ ਨੇ ਸਰੋਤਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਐਮਿਟੀ ਯੂਨੀਵਰਸਿਟੀ ਪੰਜਾਬ ਵਿਖੇ ਖੋਜ ਤੇ ਵਿਕਾਸ ਦੇ ਡੀਨ ਪ੍ਰੋ. ਸ਼ਰਮਾ ਨੇ ਧੋਖੇਵਾਜ਼ੀ ਪ੍ਰਕਾਸ਼ਨ ਦੀ ਵਧਦੀ ਸਮੱਸਿਆ ’ਤੇ ਚਾਨਣਾ ਪਾਇਆ ਅਤੇ ਖੋਜਕਰਤਾਵਾਂ ਨੂੰ ਉੱਚ ਪ੍ਰਭਾਵ ਵਾਲੇ ਜਰਨਲਾਂ ਦੀ ਪਛਾਣ ਕਰਨ ਤੇ ਕਲੋਨ ਜਰਨਲਾਂ ਤੋਂ ਬਚਣ ਲਈ ਮਾਰਗਦਰਸ਼ਨ ਦਿੱਤਾ। ਉਨ੍ਹਾਂ ਨੇ ਹਵਾਲਾ ਟੂਲ ਅਤੇ ਜਰਨਲ ਤਸਦੀਕ ਪਲੇਟਫਾਰਮਾਂ ਦੀ ਵਰਤੋਂ ਕਰਕੇ ਖੋਜ ਦੀ ਰੱਖਿਆ ਕਰਨ ਦੇ ਤਰੀਕੇ ਵੀ ਦੱਸੇ। 12 ਹਜ਼ਾਰ ਤੋਂ ਵੱਧ ਹਵਾਲੇ, ਐਚ-ਇੰਡੈਕਸ 51, 360 ਤੋਂ ਵੱਧ ਪ੍ਰਕਾਸ਼ਨ ਅਤੇ 1285 ਤੋਂ ਵੱਧ ਸੰਚਤ ਪ੍ਰਭਾਵ ਕਾਰਕ ਵਾਲੇ ਪ੍ਰੋ. ਸ਼ਰਮਾ ਨੇ ਸੋਰਾਇਸਿਸ ਤੇ ਛਾਤੀ ਦੇ ਕੈਂਸਰ ’ਤੇ ਆਪਣੀ ਮੋਹਰੀ ਖੋਜ ਬਾਰੇ ਸੂਝ ਸਾਂਝੀ ਕੀਤੀ। ਸਟੈਨਫੋਰਡ ਯੂਨੀਵਰਸਿਟੀ ਵੱਲੋਂ ਲਗਾਤਾਰ ਪੰਜ ਸਾਲਾਂ ਤੋਂ ਉਨ੍ਹਾਂ ਨੂੰ ਦੁਨੀਆ ਦੇ ਚੋਟੀ ਦੇ 2% ਉੱਚ ਹਵਾਲਾ ਵਾਲੇ ਖੋਜਕਰਤਾਵਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਸਮਾਗਮ ਵਿਚ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਸਮੇਤ ਸੀਨੀਅਰ ਅਕਾਦਮਿਕ ਲੀਡਰਸ਼ਿਪ ਮੌਜੂਦ ਰਹੀ। ਰਾਇਲ ਸੋਸਾਇਟੀ ਆਫ਼ ਬਾਇਓਲੋਜੀ ਅਤੇ ਰਾਇਲ ਸੋਸਾਇਟੀ ਆਫ਼ ਕੈਮਿਸਟਰੀ ਦੇ ਫੈਲੋ ਪ੍ਰੋ. ਸ਼ਰਮਾ ਕੋਲ 23 ਪੇਟੈਂਟ ਅਤੇ 19 ਕਿਤਾਬਾਂ ਹਨ। ਸ਼ਿਕਾਗੋ ਦੀ ਇਲੀਨੋਇਸ ਯੂਨੀਵਰਸਿਟੀ ਵਿਖੇ ਸੀਨੀਅਰ ਰਿਸਰਚ ਸਾਇੰਟਿਸਟ ਤੋਂ ਗਲੋਬਲ ਬਾਇਓਟੈਕਨਾਲੋਜੀ ਲੀਡਰ ਬਣਨ ਤੱਕ ਦਾ ਉਨ੍ਹਾਂ ਦਾ ਸਫਰ ਭਾਰਤੀ ਵਿਗਿਆਨੀਆਂ ਲਈ ਪ੍ਰੇਰਨਾ ਸਰੋਤ ਹੈ।