ਸਰਹਿੰਦ ਵਿਖੇ ਏਆਈ ਨੈਤਿਕ ਵਰਤੋਂ ’ਤੇ ਪ੍ਰੀ-ਸਮਿਟ ਪ੍ਰੋਗਰਾਮ ਕਰਵਾਇਆ
ਸਰਹਿੰਦ ਵਿਖੇ ਏਆਈ ਨੈਤਿਕ ਵਰਤੋਂ ’ਤੇ ਪ੍ਰੀ-ਸਮਿਟ ਪ੍ਰੋਗਰਾਮ ਦਾ ਆਯੋਜਨ
Publish Date: Thu, 19 Feb 2026 05:08 PM (IST)
Updated Date: Thu, 19 Feb 2026 05:09 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਇੰਡੀਆ ਏਆਈ ਇਮਪੈਕਟ ਸਮਿਟ 2026 ਲਈ ਪ੍ਰੀ-ਸਮਿਟ ਗਤੀਵਿਧੀਆਂ ਅਧੀਨ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਅੰਦਰੂਨੀ ਗੁਣਵੱਤਾ ਨਿਰਧਾਰਨ ਸੈੱਲ ਨੇ ਏਆਈ ਅਤੇ ਇਸ ਦੀ ਨੈਤਿਕ ਵਰਤੋਂ: ਵਿਕਸਿਤ ਭਾਰਤ ਲਈ ਨਵੀਨਤਾ, ਨੈਤਿਕਤਾ ਤੇ ਮਨੁੱਖੀ ਪੂੰਜੀ ਵਿਸ਼ੇ ਤਹਿਤ ਛੇ ਘੰਟੇ ਦਾ ਪ੍ਰੋਗਰਾਮ ਕਰਵਾਇਆ। ਇਸ ਵਿਚ 134 ਡੈਲੀਗੇਟਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜਿਨ੍ਹਾਂ ਵਿਚ ਵਿਦਿਆਰਥੀ, ਫੈਕਲਟੀ ਮੈਂਬਰ, ਮਾਹਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਰਜਿਸਟਰਾਰ ਤੇ ਸੀਐਸਆਈਆਰ ਐਸਜੀਜੀਡਬਲਯੂਯੂ ਦੇ ਚੇਅਰਮੈਨ ਪ੍ਰੋਫੈਸਰ ਡਾ ਤੇਜ਼ਬੀਰ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ ਜਿਨ੍ਹਾਂ ਨੇ ਰਾਸ਼ਟਰੀ ਮਿਸ਼ਨਾਂ ਨਾਲ ਸੰਸਥਾਗਤ ਟੀਚਿਆਂ ਨੂੰ ਇਕਸਾਰ ਕਰਨ ਦੀ ਮਹੱਤਤਾ ’ਤੇ ਚਾਨਣਾ ਪਾਇਆ। ਵਾਈਸ ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਵਿਚ ਜ਼ਿੰਮੇਵਾਰ ਏਆਈ ਆਪਣਾਉਣ ਰਾਹੀਂ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਵਿਚ ਯੋਗਦਾਨ ਪਾਉਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਡੀਨ ਅਕਾਦਮਿਕ ਮਾਮਲੇ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਅਕਾਦਮਿਕ ਏਕੀਕਰਨ ’ਤੇ ਜ਼ੋਰ ਦਿੰਦਿਆਂ ਇਸ ਸਮਾਗਮ ਦੀ ਸ਼ਲਾਘਾ ਕੀਤੀ। ਡਾਇਰੈਕਟਰ ਆਈਕਿਊਏਸੀ ਡਾ ਅੰਕਦੀਪ ਕੌਰ ਅਟਵਾਲ ਨੇ ਇੰਡੀਆ ਏਆਈ ਇਮਪੈਕਟ ਸਮਿਟ ਦੇ ਸੱਤ ਥੀਮਾਂ ਦਾ ਸੰਖੇਪ ਜਾਣਕਾਰੀ ਪੇਸ਼ ਕੀਤੀ। ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਸਰਪ੍ਰੀਤ ਸਿੰਘ ਨੇ ਏਆਈ ਫਾਰ ਇਨਕਲੂਸਿਵ ਗ੍ਰੋਥ ਐਂਡ ਨੈਸ਼ਨਲ ਡਿਵੈਲਪਮੈਂਟ ’ਤੇ ਗੱਲ ਕਰਦਿਆਂ ਪੇਂਡੂ ਭਾਈਚਾਰਿਆਂ ਅਤੇ ਪਹਿਲੀ ਪੀੜ੍ਹੀ ਦੇ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣ ਵਿਚ ਏਆਈ ਦੀ ਸੰਭਾਵਨਾ ਨੂੰ ਉਜਾਗਰ ਕੀਤਾ। ਡਾ. ਸ਼ੀਨਾਮ ਮਲਹੋਤਰਾ ਨੇ ਸੁਰੱਖਿਅਤ ਅਤੇ ਭਰੋਸੇਮੰਦ ਏਆਈ ’ਤੇ ਜ਼ੋਰ ਦਿੰਦਿਆਂ ਅਕਾਦਮਿਕ ਇਮਾਨਦਾਰੀ ਤੇ ਨੈਤਿਕ ਏਆਈ ਨੀਤੀ ਢਾਂਚੇ ’ਤੇ ਧਿਆਨ ਕੇਂਦ੍ਰਿਤ ਕੀਤਾ। ਡਾ. ਕੰਚਨ ਗਰਗ ਨੇ ਮਨੁੱਖੀ ਪੂੰਜੀ ਵਿਕਾਸ, ਏਆਈ ਸੰਚਾਲਿਤ ਪਾਠਕ੍ਰਮ ਸੋਧ ਅਤੇ ਹੁਨਰ ਵਿਕਾਸ ’ਤੇ ਗੱਲ ਕੀਤੀ। ਡਾ. ਰਾਹੁਲ ਬਦਰੂ ਨੇ ਵਿਗਿਆਨ ਖੋਜ ਅਤੇ ਵਿਕਾਸ ਵਿਚ ਏਆਈ ਦੇ ਅੰਤਰ ਅਨੁਸ਼ਾਸਨੀ ਦਾਇਰੇ ਦੀ ਪੜਚੋਲ ਕੀਤੀ। ਜਸਪ੍ਰੀਤ ਕੌਰ ਨੇ ਹਰੇ ਏਆਈ ਅਭਿਆਸਾਂ ਰਾਹੀਂ ਲਚਕਤਾ ਅਤੇ ਸਥਿਰਤਾ ਦੇ ਮੁੱਦਿਆਂ ਨੂੰ ਉਜਾਗਰ ਕੀਤਾ ਜਦਕਿ ਡਾ. ਬਲਜੀਤ ਕੌਰ ਨੇ ਪੰਜਾਬੀ ਭਾਸ਼ਾ ਅਤੇ ਪਹੁੰਚਯੋਗਤਾ ਲਈ ਏਆਈ ਟੂਲਸ ’ਤੇ ਜ਼ੋਰ ਦਿੱਤਾ। ਡਾ. ਨਵ ਸ਼ਗਨ ਦੀਪ ਕੌਰ ਨੇ ਓਪਨ ਸੋਰਸ ਪਲੇਟਫਾਰਮਾਂ ਰਾਹੀਂ ਏਆਈ ਦੇ ਲੋਕਤੰਤਰੀਕਰਨ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਵਿਚਾਰ ਵਟਾਂਦਰੇ ਦੌਰਾਨ ਬੁਲਾਰਿਆਂ ਨੇ ਨੈਤਿਕ ਢਾਂਚੇ, ਭਾਸ਼ਾਈ ਸਮਾਵੇਸ਼, ਟਿਕਾਊ ਤਕਨੀਕੀ ਅਭਿਆਸਾਂ ਅਤੇ ਖੇਤੀਬਾੜੀ ਮਨੁੱਖਤਾ ਵਣਜ ਵਿਚ ਅੰਤਰ ਅਨੁਸ਼ਾਸਨੀ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸਮਾਗਮ ਦਾ ਸਮਾਪਨ ਜਸਪ੍ਰੀਤ ਕੌਰ ਦੇ ਧੰਨਵਾਦ ਨਾਲ ਹੋਇਆ। ਇਸ ਪ੍ਰੀ ਸਮਿਟ ਈਵੈਂਟ ਨੇ ਯੂਜੀਸੀ ਸਲਾਹਕਾਰੀ ਜ਼ਰੂਰਤਾਂ ਨੂੰ ਪੂਰਾ ਕਰਨ ਤੋਂ ਇਲਾਵਾ 19 20 ਫਰਵਰੀ ਨੂੰ ਨਵੀਂ ਦਿੱਲੀ ਵਿਚ ਹੋਣ ਵਾਲੇ ਇੰਡੀਆ ਏਆਈ ਇਮਪੈਕਟ ਸਮਿਟ ਤੋਂ ਪਹਿਲਾਂ ਏਆਈ ਜਾਗਰੂਕਤਾ ਸੰਸਥਾਗਤ ਤਿਆਰੀ ਅਤੇ ਸਹਿਯੋਗੀ ਸ਼ਮੂਲੀਅਤ ਨੂੰ ਮਜ਼ਬੂਤ ਕੀਤਾ।